ਸਪੋਰਟਸ ਡੈਸਕ, ਨਵੀਂ ਦਿੱਲੀ : ਜੇ ਤੁਸੀਂ ਵੀ IPL ਦੇ ਪ੍ਰਸ਼ੰਸਕ ਹੋ ਤੇ ਇੰਡੀਅਨ ਪ੍ਰੀਮੀਅਰ ਲੀਗ (IPL 2024) ਦੇ 17ਵੇਂ ਸੀਜ਼ਨ ਦੀਆਂ ਤਰੀਕਾਂ ਦੇ ਐਲਾਨ ਦੀ ਉਡੀਕ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। IPL 2024 ਦਾ ਰੋਮਾਂਚ 22 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ। ਬੀਸੀਸੀਆਈ ਨੇ ਇਸ ਬਾਰੇ ਪਹਿਲਾਂ ਹੀ ਯੋਜਨਾ ਬਣਾ ਲਈ ਹੈ। ਇਸ ਦੇ ਨਾਲ ਹੀ ਮਹਿਲਾ ਪ੍ਰੀਮੀਅਰ ਲੀਗ ਦਾ ਦੂਜਾ ਸੀਜ਼ਨ 22 ਫਰਵਰੀ ਤੋਂ ਸ਼ੁਰੂ ਹੋਣ ਦੀ ਉਮੀਦ ਹੈ।

22 ਮਾਰਚ ਤੋਂ ਹੋਵੇਗਾ ਆਈਪੀਐੱਲ 2024 ਦਾ ਆਗ਼ਾਜ਼

ਕ੍ਰਿਕਬਜ਼ ਦੀ ਰਿਪੋਰਟ ਮੁਤਾਬਿਕ ਇੰਡੀਅਨ ਪ੍ਰੀਮੀਅਰ ਲੀਗ ਦਾ 17ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ। ਇਸ ਦੇ ਨਾਲ ਹੀ ਟੂਰਨਾਮੈਂਟ ਦਾ ਫਾਈਨਲ ਮੈਚ 26 ਮਈ ਨੂੰ ਖੇਡਿਆ ਜਾਵੇਗਾ। ਰਿਪੋਰਟ ਮੁਤਾਬਿਕ ਆਈਪੀਐਲ 2024ਦੀ ਸ਼ੁਰੂਆਤ ਮਹਿਲਾ ਪ੍ਰੀਮੀਅਰ ਲੀਗ ਦੇ ਖ਼ਤਮ ਹੋਣ ਦੇ ਪੰਜ ਦਿਨ ਬਾਅਦ ਹੋਵੇਗੀ। ਹਾਲਾਂਕਿ,IPL ਦੇ ਸ਼ਡਿਊਲ ਦਾ ਐਲਾਨ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਤੋਂ ਬਾਅਦ ਕੀਤੇ ਜਾਣ ਦੀ ਉਮੀਦ ਹੈ। ਖਬਰਾਂ ਮੁਤਾਬਿਕ BCCI ਨੇ ਭਰੋਸਾ ਜਤਾਇਆ ਹੈ ਕਿ IPL 2024 ਦੇ ਸਾਰੇ ਮੈਚ ਭਾਰਤ ਵਿਚ ਹੀ ਖੇਡੇ ਜਾਣਗੇ।

22 ਫਰਵਰੀ ਤੋਂ ਖੇਡਿਆ ਜਾਵੇਗਾ WPL!

ਮਹਿਲਾ ਪ੍ਰੀਮੀਅਰ ਲੀਗ ਦਾ ਦੂਜਾ ਸੀਜ਼ਨ 22 ਫਰਵਰੀ ਤੋਂ ਸ਼ੁਰੂ ਹੋ ਸਕਦਾ ਹੈ। ਰਿਪੋਰਟ ਮੁਤਾਬਿਕ WPL 2024 ਦਾ ਫਾਈਨਲ ਮੈਚ 17 ਮਾਰਚ ਨੂੰ ਖੇਡਿਆ ਜਾਵੇਗਾ। ਪਿਛਲੇ ਸੀਜ਼ਨ ਵਿਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਿਤਾਬੀ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਪਹਿਲਾ ਖ਼ਿਤਾਬ ਜਿੱਤਿਆ ਸੀ।

ਮਾਹੀ ਦੀ ਯੈਲੋ ਆਰਮੀ ਬਣੀ ਸੀ ਚੈਂਪੀਅਨ

ਆਈਪੀਐੱਲ 2023 ਵਿਚ ਐੱਮਐੱਸ ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਨੇ ਪੰਜਵੀਂ ਵਾਰ ਖਿਤਾਬ ਜਿੱਤਿਆ। ਸੀਐਸਕੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਗੁਜਰਾਤ ਟਾਇਟਨਸ ਨੂੰ ਹਰਾਇਆ। ਰਵਿੰਦਰ ਜਡੇਜਾ ਨੇ ਮੈਚ ਦੇ ਆਖਰੀ ਓਵਰ ਵਿਚ ਇਕ ਛੱਕਾ ਤੇ ਇਕ ਚੌਕਾ ਮਾਰ ਕੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ।