ਅਭਿਸ਼ੇਕ ਤ੍ਰਿਪਾਠੀ, ਕੇਪ ਟਾਊਨ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ.) ਦਾ 16ਵਾਂ ਸੀਜ਼ਨ ਇਸ ਸਾਲ 22 ਮਾਰਚ ਤੋਂ ਸ਼ੁਰੂ ਹੋਵੇਗਾ, ਜਦੋਂਕਿ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਦਾ ਦੂਜਾ ਸੀਜ਼ਨ ਫਰਵਰੀ ਦੇ ਅੰਤ ਤੋਂ ਸ਼ੁਰੂ ਹੋਵੇਗਾ। ਸੂਤਰਾਂ ਮੁਤਾਬਿਕ ਇਸ ਸਾਲ ਆਮ ਚੋਣਾਂ ਹੋਣੀਆਂ ਹਨ ਤੇ ਇਸ ਨੂੰ ਧਿਆਨ ‘ਚ ਰੱਖਦਿਆਂ ਆਈਪੀਐੱਲ ਦਾ ਆਯੋਜਨ ਕੀਤਾ ਜਾਵੇਗਾ। ਚੋਣਾਂ ਹੋਣ ਦੇ ਬਾਵਜੂਦ 2019 ਵਾਂਗ ਸਾਰੇ ਮੈਚ ਭਾਰਤ ‘ਚ ਹੀ ਕਰਵਾਏ ਜਾਣਗੇ।

ਚੋਣਾਂ ਨੂੰ ਲੈ ਕੇ ਬੀਸੀਸੀਆਈ ਨੇ ਤਿਆਰ ਕੀਤਾ ਪਲਾਨ

ਸੂਤਰਾਂ ਮੁਤਾਬਿਕ ਜਿਸ ਪੜਾਅ ‘ਚ ਆਈਪੀਐੱਲ ਦੀ ਮੇਜ਼ਬਾਨੀ ਵਾਲੇ ਸ਼ਹਿਰਾਂ ਵਿਚ ਜਦੋਂ ਲੋਕ ਸਭਾ ਚੋਣਾਂ ਹੋਣਗੀਆਂ, ਇਸ ਦੌਰਾਨ ਉੱਥੇ ਹੋਣ ਵਾਲੇ ਮੈਚ ਹੋਰ ਥਾਵਾਂ ’ਤੇ ਕਰਵਾਏ ਜਾਣਗੇ। ਬੀਸੀਸੀਆਈ ਮੈਚਾਂ ਨੂੰ ਇਸ ਤਰੀਕੇ ਨਾਲ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਚੋਣਾਂ ਦੌਰਾਨ ਮੈਚਾਂ ਲਈ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਉਣ ‘ਚ ਨਹੀਂ ਆਵੇਗੀ ਕੋਈ ਪਰੇਸ਼ਾਨੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਤੇ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਆਈਪੀਐੱਲ ਨੂੰ ਭਾਰਤ ਵਿਚ ਕਰਵਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਸੂਤਰਾਂ ਮੁਤਾਬਿਕ ਬੀਸੀਸੀਆਈ ਅਤੇ ਕੁਝ ਸਰਕਾਰੀ ਮੰਤਰਾਲਿਆਂ ਵਿਚਾਲੇ ਇਸ ਸਬੰਧੀ ਗੱਲਬਾਤ ਵੀ ਹੋਈ ਹੈ। ਚੋਣਾਂ ਦੌਰਾਨ ਮੈਚਾਂ ਲਈ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਉਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 2009 ਅਤੇ 2014 ਵਿਚ ਆਮ ਚੋਣਾਂ ਹੋਣ ਕਾਰਨ ਆਈਪੀਐਲ ਦਾ ਆਯੋਜਨ ਵਿਦੇਸ਼ ਵਿੱਚ ਕਰਨਾ ਪਿਆ ਸੀ।

ਦੋ ਸ਼ਹਿਰਾਂ ਵਿਚ WPL ਕੀਤਾ ਜਾਵੇਗਾ ਆਯੋਜਿਤ

WPL ਦਾ ਦੂਜਾ ਸੀਜ਼ਨ ਇਸ ਵਾਰ ਦੋ ਸ਼ਹਿਰਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਵਾਰ WPL ਮੈਚ ਦਿੱਲੀ ਅਤੇ ਬੈਂਗਲੁਰੂ ਵਿਚ ਖੇਡੇ ਜਾਣਗੇ। ਪਿਛਲੇ ਸਾਲ WPL ਦੇ ਸਾਰੇ ਮੈਚ ਮੁੰਬਈ ਵਿਚ ਖੇਡੇ ਗਏ ਸਨ, ਜਿਸ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਜੇਤੂ ਰਹੀ ਸੀ। WPL ਵਿੱਚ ਪੰਜ ਟੀਮਾਂ ਖੇਡਦੀਆਂ ਹਨ, ਜਿਸ ਵਿੱਚ ਦਿੱਲੀ ਕੈਪੀਟਲਸ, ਰਾਇਲ ਚੈਲਿੰਜਰਜ਼ ਬੈਂਗਲੁਰੂ, ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਸ ਸ਼ਾਮਿਲ ਹਨ।