ਨਵੀ ਮੁੰਬਈ (ਪੀਟੀਆਈ) : ਪਹਿਲੇ ਮੈਚ ਵਿਚ ਵੱਡੀ ਜਿੱਤ ਨਾਲ ਉਤਸ਼ਾਹ ਨਾਲ ਭਰੀ ਭਾਰਤੀ ਮਹਿਲਾ ਟੀਮ ਆਸਟ੍ਰੇਲੀਆ ਦੇ ਵਿਰੁੱਧ ਐਤਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਮੈਚ ਵਿਚ ਆਪਣਾ ਆਲਰਾਊਂਡਰ ਪ੍ਰਦਰਸ਼ਨ ਜਾਰੀ ਰੱਖ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਅਜੇਤੂ ਬੜ੍ਹਤ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗੀ। ਵਨਡੇ ਸੀਰੀਜ਼ ਵਿਚ ਤਿੰਨੋਂ ਮੈਚ ਗੁਆਉਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਪਹਿਲੇ ਟੀ-20 ਮੈਚ ਵਿਚ ਖੇਡ ਦੇ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਆਸਟ੍ਰੇਲੀਆ ਨੂੰ ਨੌਂ ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਸੀ ਜੋ ਇਸ ਵਿਰੋਧੀ ਦੇ ਵਿਰੁੱਧ ਉਸ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤੀ ਟੀਮ ਨੇ ਇਸ ਮੈਚ ਵਿਚ ਨਾ ਸਿਰਫ ਫੀਲਡਿੰਗ ਵਿਚ ਚੁਸਤੀ ਦਿਖਾਈ ਬਲਕਿ ਉਸ ਦੇ ਗੇਂਦਬਾਜ਼ਾਂ ਨੇ ਵੀ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ। ਭਾਰਤ ਦੇ ਸਾਹਮਣੇ 142 ਦੌੜਾਂ ਦਾ ਟੀਚਾ ਸੀ ਜੋ ਉਸ ਨੇ ਸ਼ੈਫਾਲੀ ਵਰਮਾ (ਅਜੇਤੂ 64) ਤੇ ਸਮਿ੍ਰਤੀ ਮੰਧਾਨਾ (54) ਦੇ ਵਿਚਾਲੇ ਪਹਿਲੇ ਵਿਕਟ ਲਈ 137 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ ਆਸਾਨੀ ਨਾਲ ਹਾਸਿਲ ਕਰ ਲਿਆ। ਭਾਰਤੀ ਗੇਂਦਬਾਜ਼ਾਂ ਨੇ ਇਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨੌਜਵਾਨ ਗੇਂਦਬਾਜ਼ ਟਿਟਾਸ ਸਾਧੂ ਨੇ ਚਾਰ ਓਵਰ ਵਿਚ 17 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਨ੍ਹਾਂ ਵਿਚੋਂ ਤਿੰਨ ਵਿਕਟਾਂ ਉਸ ਨੇ ਪਾਵਰਪਲੇਅ ਵਿਚ ਲਈਆਂ ਸੀ। ਸਪਿੰਨਰ ਦੀਪਤੀ ਸ਼ਰਮਾ ਤੇ ਸ਼੍ਰੇਯੰਕਾ ਪਾਟਿਲ ਨੇ ਦੋ ਦੋ ਵਿਕਟ ਲੈ ਕੇ ਉਸ ਦਾ ਚੰਗਾ ਸਾਥ ਦਿੱਤਾ ਸੀ। ਡੀਵਾਈ ਪਾਟਿਲ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਦਰਜ ਕੀਤੀ ਗਈ ਜਿੱਤ ਨਾਲ ਭਾਰਤੀ ਟੀਮ ਆਸਟ੍ਰੇਲੀਆ ਦੇ ਵਿਰੁੱਧ ਘਰੇਲੂ ਧਰਤੀ ’ਤੇ ਪਹਿਲੀ ਸੀਰੀਜ਼ ਜਿੱਤਣ ਦੇ ਕਰੀਬ ਪਹੁੰਚ ਗਈ ਹੈ। ਭਾਰਤ ਨੇ 2015-16 ਵਿਚ ਆਸਟ੍ਰੇਲੀਆ ਨੂੰ ਉਸ ਦੀ ਧਰਤੀ ’ਤੇ ਤਿੰਨ ਮੈਚਾ ਦੀ ਸੀਰੀਜ਼ ਵਿਚ 2-1 ਨਾਲ ਹਰਾਇਆ ਸੀ। ਭਾਰਤੀ ਟੀਮ ਨੂੰ ਇਹ ਉਪਲਬੱਧੀ ਹਾਸਿਲ ਕਰਨ ਲਈ ਨਾ ਸਿਰਫ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਦਿਖਾਉਣੀ ਹੋਵੇਗੀ ਬਲਕਿ ਆਸਟ੍ਰੇਲੀਆ ਦੇ ਜਵਾਬੀ ਹਮਲੇ ਤੋਂ ਵੀ ਚੌਕਸ ਰਹਿਣਾ ਹੋਵੇਗਾ ਜੋ ਐਲਿਸ ਪੈਰੀ ਦੇ 300ਵੇਂ ਕੌਮਾਂਤਰੀ ਮੈਚ ਦਾ ਜਸ਼ਨ ਜਿੱਤ ਦੇ ਨਾਲ ਮਨਾਉਣ ਲਈ ਪਾਬੰਦ ਹੈ।

ਟੀਮਾਂ :

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਰਤੀ ਮੰਧਾਨਾ (ਉਪਕਪਤਾਨ), ਜੇਮਿਮਾ ਰੋਡਰਿਗਜ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਾਸਿਤਕਾ ਭਾਟੀਆ (ਵਿਕਟਕੀਪਰ), ਰਿਚਾ ਘੋਸ਼ (ਵਿਕਟਕੀਪਰ), ਅਮਨਜੀਤ ਕੌਰ, ਸ਼੍ਰੇਯੰਕਾ ਪਾਟਿਲ, ਮੰਨਤ ਕਸ਼ਯਪ, ਸਾਈਕਾ ਇਸ਼ਾਕ, ਰੇਣੁਕਾ ਸਿੰਘ ਠਾਕੁਰ, ਟਿਟਾਸ ਸਾਧੂ, ਪੂਜਾ ਵਸਤਰਾਕਰ, ਕਨਿਕਾ ਆਹੁਜਾ, ਮਿੰਨੂ ਮਨੀ।

ਆਸਟ੍ਰੇਲੀਆ : ਡਾਰਸੀ ਬ੍ਰਾਊਨ, ਹੀਥਰ ਗ੍ਰਾਹਮ, ਏਸ਼ਲੇ ਗਾਰਡਨਰ, ਕਿਮ ਗਾਰਥ, ਗ੍ਰੇਸ ਹੈਰਿਸ, ਐਲਿਸਾ ਹੀਲੀ (ਕਪਤਾਨ ਤੇ ਵਿਕਟਕੀਪਰ), ਜੇਸ ਜੋਨਾਸੇਨ, ਅਲਾਨਾ ਕਿੰਗ, ਫੋਏਬੇ ਲਿਚਫੀਲਡ, ਤਾਹਲਿਯਾ ਮੈਕਗ੍ਰਾ (ਉਪਕਪਤਾਨ), ਬੇਥ ਮੂਨੀ (ਵਿਕਟਕੀਪਰ), ਐਲਿਸ ਪੈਰੀ, ਮੇਗਨ ਸ਼ੁਟੂ, ਐਨਾਬੇਲ ਸਦਰਲੈਂਡ, ਜਾਰਜੀਯਾ ਵੇਅਰਹੈਮ।