ਮੁੰਬਈ (ਪੀਟੀਆਈ) : ਦੀਪਤੀ ਸ਼ਰਮਾ (ਅਜੇਤੂ 70) ਤੇ ਪੂਜਾ ਵਸਤਰਾਕਰ (ਅਜੇਤੂ 33) ਵਿਚਾਲੇ 102 ਦੌੜਾਂ ਦੀ ਅਟੁੱਟ ਸਾਂਝੇਦਾਰੀ ਦੀ ਮਦਦ ਨਾਲ ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਦੇ ਵਿਰੁੱਧ ਇਕੋ ਇਕ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਇੱਥੇ 157 ਦੌੜਾਂ ਦੀ ਬੜ੍ਹਤ ਹਾਸਿਲ ਕਰ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਭਾਰਤ ਨੇ ਆਸਟ੍ਰੇਲੀਆ ਦੇ 219 ਦੌੜਾਂ ਦੇ ਜਵਾਬ ਵਿਚ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਸੱਤ ਵਿਕਟਾਂ ’ਤੇ 376 ਦੌੜਾਂ ਬਣਾਈਆਂ ਸੀ। ਭਾਰਤ ਦੀ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜਾ ਲਾਇਆ ਜਿਨ੍ਹਾਂ ਵਿਚੋਂ ਦੀਪਤ ਤੋਂ ਇਲਾਵਾ ਸਮਿ੍ਰਤੀ ਮੰਧਾਨਾ (74), ਜੇਮਿਮਾ (73) ਤੇ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੀ ਰਿਚਾ ਘੋਸ਼ (52) ਸ਼ਾਮਲ ਹੈ। ਦੀਪਤ ਤੇ ਵਸਤਰਾਕਰ ਨੇ ਉਦੋਂ ਜ਼ਿੰਮੇਦਾਰੀ ਸੰਭਾਲੀ ਜਦੋਂ ਭਾਰਤ ਨੇ 14 ਦੌੜਾਂ ਦੇ ਅੰਦਰ ਚਾਰ ਵਿਕਟਾਂ ਗੁਆ ਦਿੱਤੀਆਂ ਸੀ। ਆਸਟ੍ਰੇਲੀਆ ਨੇ ਅੱਠ ਗੇਂਦਬਾਜ਼ਾਂ ਦੀ ਵਰਤੋ ਕੀਤੀ ਪਰ ਸਿਰਫ ਆਫ ਸਪਿੰਨਰ ਐਸ਼ਲੇ ਗਾਰਡਨਰ (100 ਦੌੜਾਂ ਦੇ ਕੇ ਚਾਰ ਵਿਕਟ) ਹੀ ਆਪਣਾ ਪ੍ਰਭਾਵ ਛੱਡ ਸਕੀ। ਮਹਿਲਾ ਐਸ਼ੇਜ ਟੈਸਟ ਵਿਚ ਅੱਠ ਵਿਕਟਾਂ ਲੈਣ ਵਾਲੀ ਗਾਰਡਨਰ ਨੇ ਭਾਰਤੀ ਬੱਲੇਬਾਜ਼ਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਤੇ ਚੰਗੀ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕਰ ਕੇ ਮਹੱਤਵਪੂਰਨ ਵਿਕਟ ਕੱਢੇ।

274 ਦੌੜਾਂ ’ਤੇ ਗੁਆ ਦਿੱਤੀਆਂ ਸੀ ਸੱਤ ਵਿਕਟਾਂ : ਭਾਰਤ ਦਾ ਸਕੋਰ ਇਕ ਸਮੇਂ ਸੱਤ ਵਿਕਟ ’ਤੇ 274 ਦੌੜਾਂ ਸੀ ਪਰ ਦੀਪਤੀ ਤੇ ਵਸਤਰਾਕਰ ਦੇ ਵਿਚਾਲੇ ਅੱਠਵੇਂ ਵਿਕਟ ਲਈ ਸ਼ਾਨਦਾਰ ਸਾਂਝੇਦਾਰੀ ਨਾਲ ਉਹ ਮੈਚ ’ਤੇ ਆਪਣੀ ਪਕੜ ਮਜ਼ਬੂਤ ਕਰਨ ਵਿਚ ਸਫਲ ਰਹੀ। ਦੀਪਤੀ ਤੇ ਵਸਤਰਾਕਰ ਨਾਲ ਉਹ ਮੈਚ ’ਤੇ ਆਪਣੀ ਪਕੜ ਮਜ਼ਬੂਤ ਕਰਨ ਵਿਚ ਸਫਲ ਰਹੀ। ਦੀਪਤੀ ਤੇ ਵਸਤਰਾਕਰ ਭਾਰਤ ਵੱਲੋਂ ਅੱਠਵੇਂ ਵਿਕਟ ਲਈ ਸਰਬੋਤਮ ਸਾਂਝੇਦਾਰੀ ਦਾ ਰਿਕਾਰਡ ਬਣਾਉਣ ਤੋਂ ਸਿਰਫ ਪੰਜ ਦੌੜਾਂ ਦੂਰ ਹਨ। ਦੀਪਤ ਨੇ ਅਜੇ ਤੱਕ 147 ਗੇਂਦਾਂ ਦਾ ਸਾਹਮਣਾ ਕਰ ਕੇ ਨੌਂ ਚੌਕੇ ਲਾਏ ਹਨ ਜਦਕਿ ਪਹਿਲੇ ਦਿਨ 53 ਦੌੜਾਂ ਦੇ ਕੇ ਚਾਰ ਵਿਕਟ ਲੈਣ ਵਾਲੀ ਵਸਤਰਾਕਰ ਨੇ 115 ਗੇਂਦਾਂ ਦਾ ਸਾਹਮਣਾ ਕਰ ਕੇ ਚਾਰ ਚੌਕੇ ਜੜੇ ਹਨ।

ਰਿਚਾ ਤੇ ਜੇਮਿਮਾ ਨੇ ਦਿਵਾਈ ਸੀ ਠੋਸ ਸ਼ੁਰੂਆਤ : ਭਾਰਤ ਦੀ ਪਾਰੀ ਦਾ ਖਿੱਚ ਦਾ ਕੇਂਦਰ ਹਾਲਾਂਕਿ ਰਿਚਾ ਘੋਸ਼ ਤੇ ਜੇਮਿਮਾ ਦੇ ਵਿਚਾਲੇ ਚੌਥੇ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਰਹੀ। ਇਹ ਭਾਰਤ ਵੱਲੋਂ ਚੌਥੇ ਵਿਕਟ ਲਈ ਦੂਜੀ ਸਰਬੋਤਮ ਸਾਂਝੇਦਾਰੀ ਹੈ। ਟੈਸਟ ਕ੍ਰਿਕਟ ਵਿਚ ਪਹਿਲੀ ਵਾਰ ਬੱਲੇਬਾਜ਼ੀ ਕਰ ਰਹੀ ਘੋਸ਼ ਨੇ ਹਮਲਾਵਰ ਤੇ ਸਬਰ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ। ਉਸ ਨੇ ਪਾਰੀ ਵਿਚ 104 ਗੇਂਦਾਂ ਦਾ ਸਾਹਮਣਾ ਕਰ ਕੇ ਸੱਤ ਚੌਕੇ ਲਾਏ। ਘੋਸ਼ ਨੂੰ 14 ਦੌੜਾਂ ਦੇ ਨਿੱਜੀ ਸਕੋਰ ’ਤੇ ਜੀਵਨਦਾਤ ਵੀ ਮਿਲਿਆ ਜਦੋਂ ਐਲਿਸ ਪੈਰੀ ਨੇ ਗਾਰਡਨਰ ਦੀ ਗੇਂਦ ’ਤੇ ਮਿੱਡ ਆਫ ’ਤੇ ਉਸ ਦਾ ਆਸਾਨ ਕੈਚ ਛੱਡ ਦਿੱਤਾ ਸੀ। ਘੋਸ਼ ਇਸ ਦਾ ਫਾਇਦਾ ਉਠਾ ਕੇ ਆਪਣੇ ਡੈਬਿਊ ਮੈਚ ਵਿਚ ਅਰਧ ਸੈਂਕੜਾ ਜੜਨ ਵਾਲੀ ਭਾਰਤ ਦੀ 14ਵੀਂ ਬੱਲੇਬਾਜ਼ ਬਣੀ। ਜੇਮਿਮਾ ਤੇ ਸ਼ੁਭਾ ਸਤੀਸ਼ ਨੇ ਹਾਲ ਹੀ ਵਿਚ ਇਹ ਉਪਲਬੱਧੀ ਪ੍ਰਾਪਤ ਕੀਤੀ ਸੀ।

ਜੇਮਿਮਾ ਨੇ ਸਵੀਪ ਸ਼ਾਟ ਲਾਉਣ ਦੇ ਆਪਣੇ ਹੁਨਰ ਦਾ ਚੰਗਾ ਨਮੂਨਾ ਪੇਸ਼ ਕੀਤਾ। ਉਸ ਨੇ ਆਪਣੇ ਜ਼ਿਆਦਾਤਰ ਰਨ (63 ਫੀਸਦੀ) ਲੈੱਗ ਸਾਈਡ ਵਿਚ ਬਣਾਏ। ਜੇਮਿਮਾ ਦੀ 121 ਗੇਂਦ ਦੀ ਪਾਰੀ ਵਿਚ ਨੌਂ ਚੌਕੇ ਸ਼ਾਮਲ ਹਨ। ਲਗਾਤਾਰ ਦੂਜੇ ਮੈਚ ਵਿਚ ਅਰਧ ਸੈਂਕੜਾ ਬਣਾਉਣ ਵਾਲੀ ਜੇਮਿਮਾ ਆਪਣੇ ਪਹਿਲੇ ਟੈਸਟ ਸੈਂਕੜੇ ਵੱਲ ਵੱਧ ਰਹੀ ਸੀ ਪਰ ਉਦੋਂ ਹੀ ਉਸ ਨੇ ਗਾਰਡਨਰ ਦੀ ਗੇਂਦ ’ਤੇ ਐਨਾਬੇਲ ਸਦਰਲੈਂਡ ਨੂੰ ਐਕਸਟਰਾ ਕਵਰ ਕਰ ਆਸਾਨ ਕੈਚ ਦੇ ਦਿੱਤਾ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਤੇ ਸਿਰਫ ਦੋ ਗੇਂਦ ਖੇਡ ਕੇ ਪੈਵੇਲੀਅਨ ਪਰਤ ਗਈ। ਗਾਰਡਨਰ ਨੇ ਉਸ ਨੂੰ ਲੱਤ ਅੜਿੱਕਾ ਆਊਟ ਕੀਤਾ। ਗਾਰਡਨਰ ਨੇ ਇਸ ਦੇ ਤੁਰੰਤ ਬਾਅਦ ਯਾਸਤਿਕਾ ਭਾਟੀਆ (01) ਨੂੰ ਵੀ ਆਊਟ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਸਵੇਰੇ ਇਕ ਵਿਕਟ ’ਤੇ 98 ਦੌੜਾਂ ਨਾਲ ਆਪਣੀ ਪਾਰੀ ਅੱਗੇ ਵਧਾਈ। ਮੰਧਾਨਾ ਤੇ ਸਨੇਹ ਰਾਣਾ (09) ਨੇ ਅਰਧ ਸੈਂਕੜਾ ਸਾਂਝੇਦਾਰੀ ਪੂੁਰੀ ਕੀਤੀ। ਗਾਰਡਨਰ ਨੇ ਰਾਣਾ ਨੂੰ ਬੋਲਡ ਕਰ ਕੇ ਇਹ ਸਾਂਝੇਦਾਰੀ ਤੋੜੀ। ਮੰਧਾਨਾ ਰਨ ਆਊਟ ਹੋ ਕੇ ਪੈਵੇਲੀਅਨ ਪਰਤੀ। ਭਾਰਤੀ ਉਪ ਕਪਤਾਨ ਨੇ 106 ਗੇਂਦ ਦਾ ਸਾਹਮਣਾ ਕੀਤਾ ਤੇ 12 ਚੌਕੇ ਲਾਏ।