ਸਪੋਰਟਸ ਡੈਸਕ, ਨਵੀਂ ਦਿੱਲੀ : ਵਿਸ਼ਵ ਕੱਪ 2023 ਦੇ ਸੈਮੀਫਾਈਨਲ ਲਈ ਟਿਕਟ ਪੱਕੀ ਕਰ ਚੁੱਕੀ ਰੋਹਿਤ ਦੀ ਪਲਟਨ ਅੱਜ (5 ਨਵੰਬਰ) ਆਪਣੇ ਅਗਲੇ ਮੈਚ ਵਿੱਚ ਦੱਖਣੀ ਅਫਰੀਕਾ ਨਾਲ ਭਿੜੇਗੀ। ਭਾਰਤੀ ਟੀਮ ਜਿੱਤ ਦੇ ਜੇਤੂ ਰੱਥ ‘ਤੇ ਸਵਾਰ ਹੈ ਤੇ ਹੁਣ ਤੱਕ ਖੇਡੇ ਸਾਰੇ ਸੱਤ ਮੈਚਾਂ ‘ਚ ਜਿੱਤ ਦਾ ਸਵਾਦ ਚੱਖ ਚੁੱਕੀ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਵੀ ਸ਼ਾਨਦਾਰ ਫਾਰਮ ਵਿੱਚ ਹੈ ਅਤੇ ਟੇਂਬਾ ਬਾਵੁਮਾ ਦੀ ਟੀਮ ਨੂੰ ਆਖਰੀ ਚਾਰ ਵਿੱਚ ਥਾਂ ਬਣਾਉਣ ਲਈ ਸਿਰਫ਼ ਇੱਕ ਜਿੱਤ ਦੀ ਲੋੜ ਹੈ।

ਈਸ਼ਾਨ ਕਿਸ਼ਨ ਨੂੰ ਮਿਲੇਗਾ ਮੌਕਾ?

ਦੱਖਣੀ ਅਫਰੀਕਾ ਖ਼ਿਲਾਫ਼ ਟੀਮ ਇੰਡੀਆ ਦੇ ਪਲੇਇੰਗ ਇਲੈਵਨ ‘ਚ ਕਿਸੇ ਬਦਲਾਅ ਦੀ ਸੰਭਾਵਨਾ ਬਹੁਤ ਘੱਟ ਜਾਪਦੀ ਹੈ। ਹਾਲਾਂਕਿ ਕਪਤਾਨ ਰੋਹਿਤ ਸੂਰਿਆਕੁਮਾਰ ਯਾਦਵ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਨ ਬਾਰੇ ਸੋਚ ਸਕਦੇ ਹਨ। ਸੂਰਿਆ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਉਸ ਦਾ ਬੱਲਾ ਸਿਰਫ ਇੰਗਲੈਂਡ ਖ਼ਿਲਾਫ਼ ਖੇਡਿਆ ਗਿਆ ਸੀ। ਈਸ਼ਾਨ ਕੋਲ ਮਿਡਲ ਆਰਡਰ ਵਿੱਚ ਖੇਡਣ ਦਾ ਤਜਰਬਾ ਹੈ ਅਤੇ ਸੂਰਿਆ ਵਾਂਗ ਉਸ ਵਿੱਚ ਵੀ ਵੱਡੇ ਸ਼ਾਟ ਮਾਰਨ ਦੀ ਸਮਰੱਥਾ ਹੈ।

ਸਿਰਫ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਜਾਣਾ ਚਾਹੇਗਾ ਰੋਹਿਤ

ਭਾਰਤ ਤੇ ਦੱਖਣੀ ਅਫਰੀਕਾ (IND vs SA) ਵਿਚਕਾਰ ਮੈਚ ਈਡਨ ਗਾਰਡਨ ‘ਤੇ ਖੇਡਿਆ ਜਾਣਾ ਹੈ। ਕੋਲਕਾਤਾ ਦਾ ਇਹ ਮੈਦਾਨ ਤੇਜ਼ ਗੇਂਦਬਾਜ਼ਾਂ ਦੀ ਕਾਫੀ ਮਦਦ ਕਰਦਾ ਹੈ। ਇਸ ਵਿਸ਼ਵ ਕੱਪ ਵਿੱਚ ਤੇਜ਼ ਗੇਂਦਬਾਜ਼ਾਂ ਨੇ ਈਡਨ ਗਾਰਡਨ ਵਿੱਚ ਤਬਾਹੀ ਮਚਾਈ ਹੈ। ਇਹੀ ਕਾਰਨ ਹੈ ਕਿ ਕਪਤਾਨ ਰੋਹਿਤ ਜਸਪ੍ਰੀਤ ਬੁਮਰਾਹ, ਸ਼ਮੀ ਅਤੇ ਸਿਰਾਜ ਦੀ ਤਿਕੜੀ ਨਾਲ ਜਾਣਾ ਚਾਹੁਣਗੇ। ਕੁਲਦੀਪ ਯਾਦਵ ਨੂੰ ਇਸ ਮੈਦਾਨ ‘ਤੇ ਖੇਡਣ ਦਾ ਕਾਫੀ ਤਜਰਬਾ ਹੈ।

ਸ਼ਾਨਦਾਰ ਫਾਰਮ ‘ਚ ਟੀਮ ਇੰਡੀਆ

ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਟੀਮ ਇੰਡੀਆ ਦਾ ਵਿਸ਼ਵ ਕੱਪ 2023 ‘ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਪਿਛਲੇ ਮੈਚ ‘ਚ ਟੀਮ ਨੇ ਸ਼੍ਰੀਲੰਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 302 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਟੀਮ ਦਾ ਟਾਪ ਆਰਡਰ ਬੱਲੇਬਾਜ਼ੀ ‘ਚ ਜ਼ਬਰਦਸਤ ਫਾਰਮ ‘ਚ ਹੈ। ਰੋਹਿਤ ਦੇ ਨਾਲ-ਨਾਲ ਹੁਣ ਸ਼ੁਭਮਨ ਗਿੱਲ ਵੀ ਫਾਰਮ ‘ਚ ਵਾਪਸ ਆ ਗਏ ਹਨ, ਜਦਕਿ ਕੋਹਲੀ ਦਾ ਬੱਲਾ ਟੂਰਨਾਮੈਂਟ ਦੇ ਪਹਿਲੇ ਮੈਚ ਤੋਂ ਹੀ ਜ਼ੋਰਦਾਰ ਬੋਲ ਰਿਹਾ ਹੈ।

ਗੇਂਦਬਾਜ਼ੀ ‘ਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਜੋੜੀ ਬੱਲੇਬਾਜ਼ਾਂ ‘ਤੇ ਕਹਿਰ ਮਚਾ ਰਹੀ ਹੈ। ਇਸ ਦੇ ਨਾਲ ਹੀ ਸਿਰਾਜ ਨੇ ਵੀ ਸ਼੍ਰੀਲੰਕਾ ਖ਼ਿਲਾਫ਼ ਤਿੰਨ ਵਿਕਟਾਂ ਲੈ ਕੇ ਆਪਣੀ ਗੁਆਚੀ ਹੋਈ ਫਾਰਮ ਨੂੰ ਮੁੜ ਹਾਸਲ ਕਰ ਲਿਆ ਹੈ। ਕੁਲਦੀਪ ਅਤੇ ਜਡੇਜਾ ਦਾ ਜਾਦੂ ਮੱਧ ਓਵਰਾਂ ਵਿੱਚ ਵੀ ਚੰਗਾ ਚੱਲਿਆ।