ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਮੰਨਿਆ ਕਿ ਵਿਸ਼ਵ ਕੱਪ 2023 ਦੇ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਕੁਝ ਦਿਨਾਂ ਤੋਂ ਦੁਖੀ ਸਨ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਕੰਮ ਹਾਰ ਨੂੰ ਭੁੱਲ ਕੇ ਅੱਗੇ ਵਧਣਾ ਤੇ ਅਗਲੇ ਪ੍ਰੋਜੈਕਟ ‘ਤੇ ਧਿਆਨ ਦੇਣਾ ਹੈ।

ਯਾਦ ਰਹੇ ਕਿ ਭਾਰਤੀ ਟੀਮ ਨੇ ਲਗਾਤਾਰ 10 ਮੈਚ ਜਿੱਤ ਕੇ ਵਿਸ਼ਵ ਕੱਪ 2023 ਦੇ ਫਾਈਨਲ ‘ਚ ਥਾਂ ਬਣਾਈ ਸੀ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਪੈਟ ਕਮਿੰਸ ਦੀ ਅਗਵਾਈ ਵਾਲੀ ਆਸਟ੍ਰੇਲੀਆ ਹੱਥੋਂ 6 ਵਿਕਟਾਂ ਨਾਲ ਹਾਰ ਝੱਲਣੀ ਪਈ।

ਜਸਪ੍ਰੀਤ ਬੁਮਰਾਹ ਨੇ ਕੀ ਕਿਹਾ?

ਜਸਪ੍ਰੀਤ ਬੁਮਰਾਹ ਨੇ ‘ਦਿ ਗਾਰਜੀਅਨ’ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ਉਹ ਦਿਨ ਭਾਰਤੀ ਟੀਮ ਲਈ ਨਹੀਂ ਸੀ। ਮੈਂ ਘਰ ਹੀ ਸੀ। ਅਸੀਂ ਹਰ ਮੈਚ ਜਿੱਤਿਆ। ਤੁਸੀਂ ਸਿਰਫ਼ ਇਹ ਨਹੀਂ ਕਹਿ ਸਕਦੇ ਕਿ ਇਹ ਖੇਡ ਦਾ ਹਿੱਸਾ ਹੈ। ਇਸ ਨਾਲ ਦੁੱਖ ਹੋਇਆ। ਤੇ ਦੁੱਖ ਹੋਣਾ ਵੀ ਸੀ। ਅਸੀਂ ਸਖ਼ਤ ਮਿਹਨਤ ਕੀਤੀ ਸੀ, ਚੰਗੀ ਕ੍ਰਿਕਟ ਖੇਡੀ ਸੀ। ਇਹ ਆਦਰਸ਼ ਨਹੀਂ ਸੀ, ਪਰ ਕੰਮ ਹੈ। ਤੁਹਾਨੂੰ ਅੱਗੇ ਵਧਣਾ ਪਵੇਗਾ। ਛੇ ਮਹੀਨਿਆਂ ‘ਚ ਟੀ-20 ਵਿਸ਼ਵ ਕੱਪ ਹੈ। ਕੁਝ ਦਿਨ ਤੁਹਾਡੇ ਹੁੰਦੇ ਹਨ ਤੇ ਕਦੇ ਹਾਰ ਵੀ ਆਉਂਦੀ ਹੈ। ਜੇਕਰ ਤੁਸੀਂ ਚੰਗੇ ਨਾ ਹੁੰਦੇ ਤਾਂ ਤੁਸੀਂ ਫਾਈਨਲ ਤਕ ਨਹੀਂ ਪਹੁੰਚ ਸਕਦੇ ਸੀ। ਕੁਝ ਦਿਨ ਕਾਫੀ ਦੁੱਖ ਹੋਇਆ।

ਬੁਮਰਾਹ ਦਾ ਵਿਸ਼ਵ ਕੱਪ ਫਾਈਨਲ ‘ਚ ਪ੍ਰਦਰਸ਼ਨ

30 ਸਾਲਾ ਜਸਪ੍ਰੀਤ ਬੁਮਰਾਹ ਨੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੂੰ ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ ਦਾ ਚੰਗਾ ਸਮਰਥਨ ਮਿਲਿਆ। ਆਸਟ੍ਰੇਲੀਆ ਖਿਲਾਫ ਫਾਈਨਲ ‘ਚ ਬੁਮਰਾਹ ਨੇ 9 ਓਵਰਾਂ ‘ਚ ਦੋ ਮੇਡਨ ਸਮੇਤ 43 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ। ਫਿਰ ਬੁਮਰਾਹ ਨੇ ਮਿਸ਼ੇਲ ਮਾਰਸ਼ ਅਤੇ ਸਟੀਵ ਸਮਿਥ ਨੂੰ ਆਪਣਾ ਸ਼ਿਕਾਰ ਬਣਾਇਆ।

ਭਾਰਤ ਲਈ ਖੇਡਣਾ ਮੇਰਾ ਸੁਪਨਾ ਸੀ

ਅਹਿਮਦਾਬਾਦ ‘ਚ ਜਨਮੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਕਿ ਭਾਰਤ ਲਈ ਖੇਡਣਾ ਉਸ ਦਾ ਸੁਪਨਾ ਸੀ, ਜੋ ਪੂਰਾ ਹੋਇਆ।

ਭਾਰਤ ਲਈ ਖੇਡਣਾ ਮੇਰਾ ਸੁਪਨਾ ਸੀ। ਜਦੋਂ ਵੀ ਮੈਂ ਥੱਕ ਜਾਂਦਾ ਹਾਂ ਮੈਂ ਹਮੇਸ਼ਾ ਆਪਣੇ ਆਪ ਨੂੰ ਇਹ ਯਾਦ ਦਿਵਾਉਂਦਾ ਹਾਂ। ਮੇਰੀ ਮੁਸਕਰਾਹਟ ਉੱਥੋਂ ਆਉਂਦੀ ਹੈ। ਕ੍ਰਿਕਟ ਕਰੀਅਰ ਸੀਮਤ ਹੈ। ਮੈਂ ਹਮੇਸ਼ਾ ਲਈ ਨਹੀਂ ਖੇਡਾਂਗਾ। ਮੈਂ ਆਪਣੇ ਆਪ ਨਾਲ ਗੱਲ ਕਰਕੇ ਇਸ ਪਲ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ।

ਜਸਪ੍ਰੀਤ ਬੁਮਰਾਹ ਹੁਣ ਇੰਗਲੈਂਡ ਖਿਲਾਫ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ ਐਕਸ਼ਨ ‘ਚ ਨਜ਼ਰ ਆਉਣਗੇ। ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮੈਚ 25 ਜਨਵਰੀ ਤੋਂ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡਿਆ ਜਾਵੇਗਾ।