ਆਨਲਾਈਨ ਡੈਸਕ, ਨਵੀਂ ਦਿੱਲੀ : ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ 17ਵਾਂ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ 19 ਅਕਤੂਬਰ ਨੂੰ ਪੁਣੇ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਵਿਸ਼ਵ ਕੱਪ 2023 ‘ਚ ਲਗਾਤਾਰ ਤਿੰਨ ਮੈਚ ਜਿੱਤੇ ਹਨ, ਜਦਕਿ ਬੰਗਲਾਦੇਸ਼ ਨੇ 3 ‘ਚੋਂ ਸਿਰਫ 1 ਮੈਚ ਜਿੱਤਿਆ ਹੈ।

ਭਾਰਤ ਦੀ ਨਜ਼ਰ ਇਸ ਮੈਚ ‘ਚ ਬੰਗਲਾਦੇਸ਼ ਨੂੰ ਹਰਾ ਕੇ ਚੌਥੀ ਜਿੱਤ ਦਰਜ ਕਰਨ ‘ਤੇ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਅਫਗਾਨਿਸਤਾਨ, ਆਸਟ੍ਰੇਲੀਆ ਅਤੇ ਪਾਕਿਸਤਾਨ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾਉਣ ਤੋਂ ਬਾਅਦ ਉਤਰ ਰਹੀ ਹੈ, ਉਥੇ ਹੀ ਬੰਗਲਾਦੇਸ਼ ਨੇ ਆਪਣੇ ਪਹਿਲੇ ਮੈਚ ‘ਚ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਟੀਮ ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ।

ਅੰਕ ਸੂਚੀ ‘ਚ ਭਾਰਤੀ ਟੀਮ 6 ਅੰਕਾਂ ਨਾਲ ਚੋਟੀ ‘ਤੇ ਹੈ, ਜਦਕਿ ਬੰਗਲਾਦੇਸ਼ ਦੀ ਟੀਮ 2 ਅੰਕਾਂ ਨਾਲ 7ਵੇਂ ਸਥਾਨ ‘ਤੇ ਹੈ।

ਜੇਕਰ ਦੋਨਾਂ ਟੀਮਾਂ ਵਿਚਾਲੇ ਹੈਡ-ਟੂ-ਹੈੱਡ ਰਿਕਾਰਡ ਦੀ ਗੱਲ ਕਰੀਏ ਤਾਂ ਵਨਡੇ ਕ੍ਰਿਕਟ ‘ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕੁੱਲ 40 ਮੈਚ ਖੇਡੇ ਗਏ ਹਨ, ਜਿਸ ‘ਚ ਭਾਰਤ ਨੇ 31 ਮੈਚ ਜਿੱਤੇ ਹਨ, ਜਦਕਿ ਬੰਗਲਾਦੇਸ਼ ਨੇ 8 ਮੈਚ ਜਿੱਤੇ ਹਨ। ਜਦਕਿ ਇਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ।