ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਸਟ੍ਰੇਲੀਆ ਵਿਰੁੱਧ ਸੀਰੀਜ਼ ਵਿਚ ਪਹਿਲਾਂ ਹੀ ਅਜੇਤੂ ਬੜ੍ਹਤ ਪ੍ਰਾਪਤ ਕਰ ਚੁੱਕੀ ਭਾਰਤੀ ਟੀਮ ਐਤਵਾਰ ਨੂੰ ਬੈਂਗਲੁਰੂ ਵਿਚ ਹੋਣ ਵਾਲੇ ਪੰਜਵੇਂ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਜਿੱਤ ਦੇ ਨਾਲ ਦੱਖਣੀ ਅਫਰੀਕਾ ਦੌਰੇ ’ਤੇ ਜਾਣ ਲਈ ਉਤਰੇਗੀ। ਇਸ ਦੌਰਾਨ ਚੌਥੇ ਮੈਚ ਵਿਚ ਸ਼ਾਮਲ ਹੋਏ ਸ਼੍ਰੇਅਸ ਅਈਅਰ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਨਾਲ ਹੀ ਦੀਪਕ ਚਾਹਰ ਦੇ ਪ੍ਰਦਰਸ਼ਨ ’ਤੇ ਵੀ ਟੀਮ ਦਾ ਵਿਸ਼ੇਸ਼ ਧਿਆਨ ਹੋਵੇਗਾ ਕਿਉਂਕਿ ਭਾਰਤ ਨੂੰ ਦੱਖਣੀ ਅਫਰੀਕਾ ਵਿਰੁੱਧ 10 ਦਸੰਬਰ ਤੋਂ ਟੀ-20 ਸੀਰੀਜ਼ ਖੇਡਣੀ ਹੈ ਜਿਸ ਵਿਚ ਅਈਅਰ ਤੇ ਚਾਹਰ ਦੀ ਭੂਮਿਕਾ ਅਹਿਮ ਹੋਵੇਗੀ।

ਟੀ-20 ’ਚ ਲੰਬੇ ਸਮੇਂ ਤੋਂ ਬਾਅਦ ਕੀਤੀ ਦੋਵਾਂ ਨੇ ਵਾਪਸੀ : ਅਈਅਰ ਨੇ ਵਨਡੇ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਆਸਟ੍ਰੇਲੀਆ ਦੇ ਵਿਰੁੱਧ ਰਾਏਪੁਰ ਵਿਚ ਸ਼ੁੱਕਰਵਾਰ ਨੂੰ ਉਸ ਨੇ ਪਿਛਲੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਆਪਣਾ ਪਹਿਲਾ ਟੀ-20 ਕੌਮਾਂਤਰੀ ਮੈਚ ਖੇਡਿਆ। ਇਸ ਮੈਚ ਵਿਚ ਉਸ ਨੇ ਸੱਤ ਗੇਂਦਾਂ ਦਾ ਸਾਹਮਣਾ ਕਰ ਕੇ ਸਿਰਫ ਅੱਠ ਦੌੜਾਂ ਬਣਾਈਆਂ ਜਿਨ੍ਹਾਂ ਵਿਚ ਕੋਈ ਬਾਊਂਡਰੀ ਵੀ ਨਹੀਂ ਆਈ। ਦੱਖਣੀ ਅਫਰੀਕਾ ਜਾਣ ਤੋਂ ਪਹਿਲਾਂ ਅਈਅਰ ਚਿਨਾਸਵਾਮੀ ਸਟੇਡੀਅਮ ਵਿਚ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰੇਗਾ। ਉਸ ਨੇ ਕੁਝ ਦਿਨ ਪਹਿਲਾਂ ਹੀ ਵਨਡੇ ਵਿਸ਼ਵ ਕੱਪ ਵਿਚ ਇਸ ਮੈਦਾਨ ’ਤੇ ਨੀਦਰਲੈਂਡ ਦੇ ਵਿਰੁੱਧ ਸੈਂਕੜਾ ਲਾਇਆ ਸੀ। ਅਈਅਰ ਦੀ ਤਰ੍ਹਾਂ ਚਾਹਰ ਨੇ ਵੀ ਸੱਟ ਲੱਗਣ ਕਾਰਨ ਲੰਬੇ ਸਮੇਂ ਤੱਕ ਬਾਹਰ ਰਹਿਣ ਤੋਂ ਬਾਅਦ ਵਾਪਸੀ ਕੀਤੀ ਹੈ। ਰਾਏਪੁਰ ਵਿਚ ਖੇਡਿਆ ਗਿਆ ਮੈਚ ਉਸ ਦਾ ਟੀ-20 ਫਾਰਮੈਟ ਵਿਚ ਭਾਰਤ ਵੱਲੋਂ ਪਿਛਲੇ ਸਾਲ ਅਕਤੂਬਰ ਦੇ ਬਾਅਦ ਪਹਿਲਾ ਮੈਚ ਸੀ। ਇਸ 31 ਸਾਲਾ ਤੇਜ਼ ਗੇਂਦਬਾਜ਼ ਨੇ ਟਿਮ ਡੇਵਿਡ ਤੇ ਮੈਥਿਊ ਸ਼ਾਰਟ ਦੇ ਵਿਕਟ ਲੈ ਕੇ ਪ੍ਰਭਾਵ ਪਾਇਆ ਪਰ ਉਸ ਨੇ 44 ਦੌੜਾਂ ਵੀ ਦਿੱਤੀਆਂ। ਚਿਨਾਸਵਾਮੀ ਸਟੇਡੀਅਮ ਦੀ ਪਿੱਚ ਉਸ ਦੇ ਅਨੁਕੂਲ ਨਹੀਂ ਹੋ ਸਕਦੀ ਹੈ ਪਰ ਆਪਣੀ ਵਿਭਿੰਨਤਾ ਪੂਰਨ ਗੇਂਦਬਾਜ਼ੀ ਕਾਰਨ ਚਾਹਰ ਸਫਲਤਾ ਪ੍ਰਾਪਤ ਕਰ ਸਕਦਾ ਹੈ।

ਸੁੰਦਰ ਨੂੰ ਮਿਲ ਸਕਦਾ ਹੈ ਮੌਕਾ : ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਟੀਮ ਪ੍ਰਬੰਧਨ ਆਫ ਸਪਿੰਨਰ ਵਾਸ਼ਿੰਗਟਨ ਸੁੰਦਰ ਨੂੰ ਵੀ ਇਸ ਮੈਚ ਵਿਚ ਮੌਕਾ ਦੇ ਸਕਦਾ ਹੈ। ਵਾਸ਼ਿੰਗਟਨ ਵੀ ਪਿਛਲੇ ਕੁਝ ਸਮੇਂ ਤੋਂ ਸੱਟਾਂ ਤੋਂ ਪਰੇਸ਼ਾਨ ਰਿਹਾ ਹੈ। ਉਸ ਨੂੰ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਦੇ ਸਥਾਨ ’ਤੇ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਜਿਸ ਨੂੰ ਦੱਖਣੀ ਅਫਰੀਕਾ ਦੌਰੇ ਲਈ ਟੀਮ ਵਿਚ ਸਥਾਨ ਨਹੀਂ ਮਿਲਿਆ ਹੈ।

ਟੀਮਾਂ ਇਸ ਤਰ੍ਹਾਂ ਹਨ

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸ਼੍ਰੇਅਸ ਅਈਅਰ, ਰੁਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ, ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੁਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਣਾ, ਅਵੇਸ਼ ਖਾਨ, ਮੁਕੇਸ਼ ਕੁਮਾਰ।

ਆਸਟ੍ਰੇਲੀਆ : ਮੈਥਿਊ ਵੇਡ (ਕਪਤਾਨ), ਜੇਸਨ ਬੇਹਰੇਨਡੋਰਫ, ਟਿਮ ਡੇਵਿਡ, ਬੇਨ ਡਵਾਰਸ਼ੁਈਸ, ਨਾਥਨ ਐਲਿਸ, ਕ੍ਰਿਸ ਗ੍ਰੀਨ, ਆਰੋਨ ਹਾਰਡੀ, ਟੈ੍ਵਿਸ ਹੈਡ, ਬੇਨ ਮੈਕਡਰਮਾਟ, ਜੋਸ਼ ਫਿਲਿਪ, ਤਨਵੀਰ ਸਾਂਘਾ, ਮੈਟ ਸ਼ਾਰਟ, ਕੇਨ ਰਿਚਰਡਸਨ।

ਆਈਪੀਐੱਲ ਨੇ ਦਬਾਅ ’ਚ ਸ਼ਾਂਤ ਰਹਿਣਾ ਸਿਖਾਇਆ : ਰਿੰਕੂ

ਰਾਏਪੁਰ (ਪੀਟੀਆਈ) : ਭਾਰਤੀ ਬੱਲੇਬਾਜ਼ ਰਿੰਕੂ ਸਿੰਘ ਨੇ ਆਸਟ੍ਰੇਲੀਆ ਦੇ ਵਿਰੁੱਧ ਵਰਤਮਾਨ ਟੀ-20 ਸੀਰੀਜ਼ ਵਿਚ ਦਬਾਅ ਦੇ ਹਾਲਾਤ ਵਿਚ ਵੀ ਸ਼ਾਂਤ ਰਹਿ ਕੇ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਉਣ ਦਾ ਸਿਹਰਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿਚ ਖੇਡਣ ਨੂੰ ਦਿੱਤਾ। ਇਸ ’ਤੇ ਚਰਚਾ ਕਰਦੇ ਹੋਏ ਰਿੰਕੂ ਨੇ ਜਿਤੇਸ਼ ਨੂੰ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਖੇਡ ਰਿਹਾ ਹਾਂ। ਮੈਂ ਪਿਛਲੇ 5-6 ਸਾਲ ਤੋਂ ਆਈਪੀਐੱਲ ਵਿਚ ਖੇਡ ਰਿਹਾ ਹਾਂ ਜਿਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ। ਮੈਂ ਖੁਦ ’ਤੇ ਭਰੋਸਾ ਰੱਖਦਾ ਹਾਂ ਤੇ ਸ਼ਾਂਤ ਬਣੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਜਿਤੇਸ਼ ਨੇ ਸਵੀਕਾਰ ਕੀਤਾ ਕਿ ਜਦੋਂ ਬੱਲੇਬਾਜ਼ੀ ਲਈ ਉਤਰੇ ਤਾਂ ਬਹੁਤ ਦਬਾਅ ਵਿਚ ਸੀ ਪਰ ਰਿੰਕੂ ਸ਼ਾਂਤ ਸੀ। ਉਸ ਨੇ ਰਿੰਕੂ ਨੂੰ ਕਿਹਾ ਕਿ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਇਹ ਤੁਹਾਡੀ ਪਹਿਲੀ ਸੀਰੀਜ਼ ਹੈ। ਜਦੋਂ ਮੈਂ ਬੱਲੇਬਾਜ਼ੀ ਲਈ ਉਤਰਿਆ ਤਾਂ ਬਹੁਤ ਦਬਾਅ ਵਿਚ ਸੀ ਪਰ ਤੁਸੀਂ ਬਹੁਤ ਸ਼ਾਂਤ ਸੀ ਤੇ ਆਸਾਨੀ ਨਾਲ ਸ਼ਾਟ ਲਾ ਰਹੇ ਸੀ।