ਸਪੋਰਟਸ ਡੈਸਕ, ਨਵੀਂ ਦਿੱਲੀ : ਮੋਹਾਲੀ ਵਿਚ ਭਾਰਤ ਨੇ ਅਫਗਾਨਿਸਤਾਨ ਖਿਲਾਫ ਪਹਿਲਾ ਟੀ-20 ਮੈਚ 15 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਜਿੱਤ ਲਿਆ। ਸ਼ਿਵਮ ਦੁਬੇ ਦੇ ਆਲ ਰਾਊਂਡਰ ਪ੍ਰਦਰਸ਼ਨ ਨੇ ਭਾਰਤ ਨੂੰ ਜਿੱਤ ਦਿਵਾਈ। ਦੁਬੇ ਨੇ 60 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਤੇ ਗੇਂਦ ਨਾਲ ਇਕ ਵਿਕਟ ਵੀ ਆਪਣੇ ਨਾਂ ਕੀਤੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਮਹਿਮਾਨ ਟੀਮ ਨੂੰ 20 ਓਵਰਾਂ ‘ਚ 158 ਦੌੜਾਂ ‘ਤੇ ਰੋਕ ਦਿੱਤਾ। ਅਜਿਹੇ ‘ਚ ਭਾਰਤ ਦੇ ਖੱਬੇ ਹੱਥ ਦੇ ਬੱਲੇਬਾਜ਼ ਰਿੰਕੂ ਸਿੰਘ ਨੇ ਸ਼ਿਵਮ ਦੁਬੇ ਨਾਲ ਮਿਲ ਕੇ ਭਾਰਤ ਨੂੰ ਜਿੱਤ ਵੱਲ ਤੋਰਿਆ।

ਰਿੰਕੂ ਨੇ 9 ਗੇਂਦਾਂ ਵਿਚ 16 ਦੌੜਾਂ ਬਣਾਈਆਂ। ਰਿੰਕੂ ਅਤੇ ਦੁਬੇ ਨੇ ਪੰਜਵੀਂ ਵਿਕਟ ਲਈ 22 ਗੇਂਦਾਂ ਵਿਚ 42 ਦੌੜਾਂ ਦੀ ਸਾਂਝੇਦਾਰੀ ਕੀਤੀ। ਮੈਚ ਤੋਂ ਬਾਅਦ ਰਿੰਕੂ ਨੇ ਖੁਦ ਨੂੰ ਸ਼ਾਂਤ ਰੱਖਣ ਦਾ ਸਿਹਰਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸਲਾਹ ਨੂੰ ਦਿੱਤਾ। ਰਿੰਕੂ ਨੇ ਕਿਹਾ ਕਿ ਮੈਂ ਮਾਹੀ ਬਾਈ ਨਾਲ ਗੱਲ ਕੀਤੀ ਸੀ, ਉਸ ਨੇ ਮੈਨੂੰ ਸਿਰਫ ਗੇਂਦ ਦੇ ਹਿਸਾਬ ਨਾਲ ਖੇਡਣ ਲਈ ਕਿਹਾ ਅਤੇ ਮੈਂ ਉਹੀ ਕਰਦਾ ਹਾਂ। ਰਿੰਕੂ ਨੇ ਅੱਗੇ ਕਿਹਾ, ”ਮੈਂ ਬੱਲੇਬਾਜ਼ੀ ਕਰਦੇ ਸਮੇਂ ਜ਼ਿਆਦਾ ਨਹੀਂ ਸੋਚਦਾ, ਮੈਂ ਸਿਰਫ ਗੇਂਦ ਦੇ ਹਿਸਾਬ ਨਾਲ ਖੇਡਦਾ ਹਾਂ। ਮੈਨੂੰ 6ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਅਤੇ ਖੇਡ ਨੂੰ ਖਤਮ ਕਰਨ ਦੀ ਆਦਤ ਹੈ, ਮੈਂ ਇਸ ਕੰਮ ਤੋਂ ਬਹੁਤ ਖੁਸ਼ ਹਾਂ। ਅਸੀਂ ਮੋਹਾਲੀ ‘ਚ ਠੰਢ ਦਾ ਮਜ਼ਾ ਲਿਆ, ਹਾਲਾਂਕਿ ਫੀਲਡਿੰਗ ਕਰਦੇ ਸਮੇਂ ਇਹ ਕਾਫੀ ਮੁਸ਼ਕਲ ਸੀ।

ਮੈਂ ਸਿਰਫ਼ ਆਪਣੇ ਆਪ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਨੰਬਰ 6 ‘ਤੇ ਬੱਲੇਬਾਜ਼ੀ ਕਰਦਿਆਂ ਮੈਨੂੰ ਬਹੁਤੀਆਂ ਗੇਂਦਾਂ ਖੇਡਣ ਜਾਂ ਜ਼ਿਆਦਾ ਦੌੜਾਂ ਬਣਾਉਣ ਦਾ ਮੌਕਾ ਨਹੀਂ ਮਿਲਦਾ, ਇਹ ਮੈਂ ਆਪਣੇ ਆਪ ਨੂੰ ਕਹਿੰਦਾ ਰਹਿੰਦਾ ਹਾਂ। ਜੇ ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਰੋਹਿਤ ਸ਼ਰਮਾ ਲੰਬੇ ਸਮੇਂ ਬਾਅਦ ਟੀ-20 ਫਾਰਮੈਟ ‘ਚ ਵਾਪਸੀ ਕਰ ਰਹੇ ਹਨ। ਹਾਲਾਂਕਿ ਬੇਟੀ ਵਾਮਿਕਾ ਦੇ ਜਨਮਦਿਨ ਕਾਰਨ ਕੋਹਲੀ ਇਸ ਮੈਚ ‘ਚ ਸ਼ਾਮਿਲ ਨਹੀਂ ਹੋ ਸਕੇ। ਹੁਣ ਭਾਰਤ ਦੂਜਾ ਮੈਚ ਜਿੱਤ ਕੇ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗਾ।