ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮੁਹਾਲੀ ਵਿਚ ਅਫਗਾਨਿਸਤਾਨ ’ਤੇ ਜਿੱਤ ਦੇ ਨਾਲ ਭਾਰਤੀ ਟੀਮ ਹੁਣ ਇੰਦੌਰ ਪਹੁੰਚ ਗਈ ਹੈ ਜਿੱਥੇ ਐਤਵਾਰ ਨੂੰ ਦੂਜਾ ਟੀ-20 ਮੁਕਾਬਲਾ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤ ਇਕ ਹੋਰ ਜਿੱਤ ਦੇ ਨਾਲ ਇੱਥੇ ਸੀਰੀਜ਼ ਆਪਣੇ ਨਾਮ ਕਰਨਾ ਚਾਹੇਗਾ ਪਰ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ’ਤੇ ਹੋਣਗੀਆਂ ਜੋ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿਚ 14 ਮਹੀਨੇ ਬਾਅਦ ਵਾਪਸੀ ਕਰੇਗਾ। ਨਿੱਜੀ ਕਾਰਨਾਂ ਕਰ ਕੇ ਮੁਹਾਲੀ ਵਿਚ ਨਹੀਂ ਖੇਡਣ ਵਾਲੇ ਕੋਹਲੀ ਨੇ ਨਵੰਬਰ 2022 ਵਿਚ ਇੰਗਲੈਂਡ ਦੇ ਵਿਰੁੱਧ ਟੀ-20 ਵਿਸ਼ਵ ਕੱਪ ਸੈਮੀਫਾਈਨਲ ਵਿਚ ਦਿਲ ਤੋੜਨ ਵਾਲੀ ਹਾਰ ਦੇ ਬਾਅਦ ਤੋਂ ਇਸ ਫਾਰਮੈਟ ਦਾ ਇਕ ਵੀ ਮੈਚ ਨਹੀਂ ਖੇਡਿਆ ਹੈ। ਹੁਣ ਉਸ ਦੇ ਆਉਣ ਨਾਲ ਜਿੱਥੇ ਭਾਰਤੀ ਟੀਮ ਨੂੰ ਮਜ਼ਬੂਤੀ ਮਿਲੇਗੀ ਤਾਂ ਉਥੇ ਹੀ ਇਸ ਸਟਾਰ ਬੱਲੇਬਾਜ਼ ਦੇ ਕੋਲ ਵੀ ਟੀ-20 ਵਿਸ਼ਵ ਕੱਪ ਟੀਮ ਲਈ ਦਾਅਵਾ ਮਜ਼ਬੂਤ ਕਰਨ ਦਾ ਮੌਕਾ ਹੋਵੇਗਾ।

ਦਰਅਸਲ ਵਿਰਾਟ ਦਾ ਵਿਸ਼ਵ ਕੱਪ ਟੀਮ ਵਿਚ ਚੋਣ ਹੋਣੀ ਕਾਫੀ ਹੱਦ ਤੱਕ ਅਫਗਾਨਿਸਤਾਨ ਦੇ ਵਿਰੁੱਧ ਬਾਕੀ ਬਚੇ ਦੋਵਾਂ ਮੁਕਾਬਲਿਆਂ ਤੇ ਆਈਪੀਐੱਲ ਵਿਚ ਉਸ ਦੇ ਪ੍ਰਦਰਸ਼ਨ ’ਤੇ ਨਿਰਭਰ ਕਰੇਗਾ। ਅਜਿਹੀ ਵੀ ਖਬਰਾਂ ਹਨ ਕਿ ਜੇਕਰ ਵਿਰਾਟ ਦੀ ਚੋਣ ਟੀ-20 ਵਿਸ਼ਵ ਕੱਲ ਲਈ ਕੀਤੀ ਜਾਂਦੀ ਹੈ ਤਾਂ ਉਸ ਨੂੰ ਨਵੀਂ ਭੂਮਿਕਾ ਸੌਂਪੀ ਜਾ ਸਕਦੀ ਹੈ। ਉਹ ਕਪਤਾਨ ਰੋਹਿਤ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਦਾ ਹੋਇਆ ਦੇਖਿਆ ਜਾ ਸਕਦਾ ਹੈ। ਹਾਲਾਂਕਿ ਮੁੱਖ ਕੋਚ ਰਾਹੁਲ ਦ੍ਰਾਵਿੜ ਸਪੱਸ਼ਟ ਕਰ ਚੁੱਕਾ ਹੈ ਕਿ ਇਸ ਸੀਰੀਜ਼ ਵਿਚ ਰੋਹਿਤ ਦੇ ਨਾਲ ਯਸ਼ਸਵੀ ਹੀ ਪਾਰੀ ਦੀ ਸ਼ੁਰੂਆਤ ਕਰੇਗਾ ਪਰ ਜੇਕਰ ਯਸ਼ਸਵੀ ਇੰਦੌਰ ਵਿਚ ਵੀ ਨਹੀਂ ਖੇਡਦਾ ਹੈ ਤਾਂ ਸਾਨੂੰ ਨਵੀਂ ਓਪਨਿੰਗ ਜੋੜੀ ਖੇਡਦੀ ਦਿੱਖ ਸਕਦੀ ਹੈ। ਜੇਕਰ ਦ੍ਰਾਵਿੜ ਦੂਜੇ ਮੁਕਾਬਲੇ ਵਿਚ ਵੀ ਸ਼ੁਭਮਨ ਤੇ ਰੋਹਿਤ ਤੋਂ ਪਾਰੀ ਦੀ ਸ਼ੁਰੂਆਤ ਕਰਵਾਉਂਦਾ ਹੈ ਤਾਂ ਫਿਰ ਵਿਰਾਟ ਨੰਬਰ ਤਿੰਨ ’ਤੇ ਖੇਡਦਾ ਦਿਖਾਈ ਦੇਵੇਗਾ। ਅਜਿਹੇ ਵਿਚ ਤਿਲਕ ਵਰਮਾ ਨੂੰ ਉਸ ਦੇ ਲਈ ਜਗ੍ਹਾ ਖਾਲੀ ਕਰਨੀ ਹੋਵੇਗੀ। ਜੇਕਰ ਯਸ਼ਸਵੀ ਫਿੱਟ ਹੁੰਦਾ ਹੈ ਤਾਂ ਸ਼ੁਭਮਨ ਨੂੰ ਵੀ ਬਾਹਰ ਬੈਠਣਾ ਪੈ ਸਕਦਾ ਹੈ। ਕਿਉਂਕਿ ਨੰਬਰ ਚਾਰ ’ਤੇ ਸ਼ਿਵਮ ਦੁਬੇ, ਪੰਜ ’ਤੇ ਰਿੰਕੂ ਸਿੰਘ ਤੇ ਛੇਵੇਂ ਨੰਬਰ ਜਿਤੇਸ਼ ਸ਼ਰਮਾ ਦਾ ਖੇਡਣਾ ਲਗਪਗ ਤੈਅ ਹੈ। ਉਥੇ ਹੀ ਦੂਜੇ ਪਾਸੇ ਮੁਹਾਲੀ ਵਿਚ ਰੋਹਿਤ ਵੀ 14 ਮਹੀਨੇ ਬਾਅਦ ਟੀ-20 ਵਿਚ ਵਾਪਸੀ ਕਰ ਰਿਹਾ ਸੀ ਤੇ ਸਾਰਿਆਂ ਦੀਆਂ ਨਜ਼ਰਾਂ ਉਸ ’ਤੇ ਸੀ। ਪਰ ਉਹ ਸਿਰਫ ਦੋ ਹੀ ਗੇਂਦ ਖੇਡ ਸਕਿਆ ਤੇ ਰਨਆਊਟ ਹੋ ਗਿਆ। ਰੋਹਿਤ ਇੰਦੌਰ ਵਿਚ ਇਸ ਦੀ ਭਰਪਾਈ ਦੇ ਨਾਲ ਹੀ ਸੀਰੀਜ਼ ਜਿੱਤਣ ਵਿਚ ਮਦਦ ਕਰਨਾ ਚਾਹੇਗਾ।

ਹੋਲਕਰ ਸਟੇਡੀਅਮ ’ਚ ਦੌੜਾਂ ਦੀ ਹੁੰਦੀ ਹੈ ਬਾਰਿਸ਼

ਭਾਰਤੀ ਉਪ ਮਹਾਦੀਪ ਦੇ ਹੋਰ ਸਥਾਨਾਂ ਵਾਂਗ, ਹੋਲਕਰ ਸਟੇਡੀਅਮ ਨੂੰ ਵੀ ਬੱਲੇਬਾਜ਼ਾਂ ਦਾ ਸਵਰਗ ਮੰਨਿਆ ਜਾਂਦਾ ਹੈ। ਖਾਸ ਕਰ ਕੇ ਚਿੱਟੀ ਗੇਂਦ ਦੀ ਕ੍ਰਿਕਟ ਵਿਚ ਕਿਉਂਕਿ ਇੱਥੇ ਬਾਊਂਡਰੀਆਂ ਛੋਟੀਆਂ ਹਨ ਅਤੇ ਵਿਕਟ ਫਲੈਟ ਹੈ। ਪਹਿਲੀ ਪਾਰੀ ਵਿਚ 210 ਦੌੜਾਂ ਦਾ ਔਸਤ ਸਕੋਰ ਦੱਸਦਾ ਹੈ ਕਿ ਇੰਦੌਰ ਵਿਚ ਬੱਲੇਬਾਜ਼ ਕਿਵੇਂ ਦੌੜਾਂ ਬਣਾਉਂਦੇ ਹਨ। ਭਾਰਤ ਨੇ ਇੱਥੇ ਤਿੰਨ ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ ਦੋ ਜਿੱਤੇ ਹਨ ਅਤੇ ਇਕ ਹਾਰਿਆ ਹੈ। ਭਾਰਤ ਦਾ ਇੱਥੇ ਸਭ ਤੋਂ ਵੱਧ ਸਕੋਰ ਪੰਜ ਵਿਕਟਾਂ ’ਤੇ 260 ਦੌੜਾਂ ਹੈ, ਜੋ ਉਸ ਨੇ 2017 ਵਿਚ ਸ੍ਰੀਲੰਕਾ ਖਿਲਾਫ਼ ਬਣਾਇਆ ਸੀ।

ਵਿਸ਼ਵ ਕੱਪ ਟੀਮ ’ਚ ਚੋਣ ਬਾਰੇ ਨਹੀਂ ਸੋਚ ਰਿਹਾ : ਅਕਸ਼ਰ

ਮੁਹਾਲੀ: ਸੱਟ ਕਾਰਨ ਵਨਡੇ ਵਿਸ਼ਵ ਕੱਪ ਤੋਂ ਬਾਹਰ ਹੋਏ ਸਪਿੰਨਰ ਅਕਸ਼ਰ ਪਟੇਲ ਨੇ ਕਿਹਾ ਕਿ ਆਈਪੀਐੱਲ ਵਿਚ ਵਧੀਆ ਪ੍ਰਦਰਸ਼ਨ ਕਰ ਕੇ ਜੂਨ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਜਗ੍ਹਾ ਬਣਾਉਣ ’ਤੇ ਉਸ ਦੀ ਨਜ਼ਰ ਹੈ। ਅਕਸ਼ਰ ਨੇ ਕਿਹਾ ਕਿ ਮੇਰਾ ਕੰਮ 100 ਫੀਸਦੀ ਦੇਣਾ ਹੈ। ਮੈਂ ਵਿਸ਼ਵ ਕੱਪ ਟੀਮ ਚੋਣ ਨੂੰ ਲੈ ਕੇ ਜ਼ਿਆਦਾ ਨਹੀਂ ਸੋਚ ਰਿਹਾ ਹਾਂ। ਜੇਕਰ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਮੈਂ ਦਬਾਅ ਵਿਚ ਆ ਜਾਵਾਂਗਾ। ਉਸ ਨੇ ਕਿਹਾ ਕਿ ਫਿਲਹਾਲ ਮੇਰਾ ਧਿਆਨ ਆਈਪੀਐੱਲ ’ਤੇ ਹੈ ਅਤੇ ਇਸ ਤੋਂ ਬਾਅਦ ਮੈਨੂੰ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਵੀ ਖੇਡਣੀ ਹੈ।