ਦੁਬਈ (ਪੀਟੀਆਈ) : ਅਫਗਾਨਿਸਤਾਨ ਦੇ ਵਿਰੁੱਧ ਚੱਲ ਰਹੀ ਸੀਰੀਜ਼ ਦੇ ਸ਼ੁਰੂਆਤੀ ਦੋ ਮੁਕਾਬਲਿਆਂ ਵਿਚ ਆਪਣੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੇ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਬੁੱਧਵਾਰ ਨੂੰ ਜਾਰੀ ਆਈਸੀਸੀ ਟੀ-20 ਰੈਂਕਿੰਗ ਵਿਚ ਕਰੀਅਰ ਦੇ ਸਰਬੋਤਮ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਜਦਕਿ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਵੀ ਛੇਵੇਂ ਸਥਾਨ ’ਤੇ ਪਹੁੰਚਣ ਵਿਚ ਸਫਲ ਰਿਹਾ। ਅਕਸ਼ਰ ਆਲਰਾਊਂਡਰਾਂ ਦੀ ਸੂਚੀ ਵਿਚ ਵੀ ਦੋ ਸਥਾਨ ਦੇ ਫਾਇਦੇ ਨਾਲ 16ਵੇਂ ਨੰਬਰ ’ਤੇ ਪਹੰੁਚ ਗਿਆ ਹੈ। ਅਕਸ਼ਰ ਨੇ ਇੰਦੌਰ ਵਿਚ ਖੇਡੇ ਗਏ ਦੂਜੇ ਟੀ-20 ਵਿਚ 16 ਦੌੜਾਂ ਦੇ ਕੇ ਦੋ ਵਿਕਟ ਝਟਕਾਏ ਸੀ। ਜਾਇਸਵਾਲ ਨੇ ਦੂਜੇ ਟੀ-20 ਵਿਚ 34 ਗੇਂਦਾਂ ਵਿਚ 68 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਨਾਲ ਉਸ ਨੂੰ ਸੱਤ ਸਥਾਨਾਂ ਦਾ ਫਾਇਦਾ ਹੋਇਆ ਤੇ ਉਹ ਵੀ ਆਪਣੇ ਕਰੀਅਰ ਦੀ ਸਰਬੋਤਮ ਛੇਵੀਂ ਰੈਂਕਿੰਗ ’ਤੇ ਪਹੁੰਚ ਗਿਆ। ਉਥੇ ਹੀ ਖੱਬੇ ਹੱਥ ਦੇ ਬੱਲੇਬਾਜ਼ ਸ਼ਿਵਮ ਦੂਬੇ ਲਗਾਤਾਰ 60 ਤੇ 63 ਦੌੜਾਂ ਦੀ ਅਰਧਸੈਂਕੜਾ ਪਾਰੀਆਂ ਦੀ ਬਦੌਲਤ 265ਵੇਂ ਸਥਾਨ ਤੋਂ ਉਛਲ ਕੇ 58ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸ਼ੁਭਮਨ ਗਿੱਲ ਸੱਤ ਸਥਾਨ ਦੇ ਲਾਭ ਨਾਲ 60ਵੇਂ ਸਥਾਨ ਜਦਕਿ ਤਿਲਕ ਵਰਮਾ ਤਿੰਨ ਸਥਾਨਾਂ ਦੇ ਫਾਇਦੇ ਨਾਲ ਸੰਯੁਕਤ 61ਵੇਂ ਸਥਾਨ ’ਤੇ ਬਣਿਆ ਹੋਇਆ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਚਾਰ ਸਥਾਨ ਦੇ ਉਛਾਲ ਨਾਲ 21ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦੇ ਫਿਨ ਏਲਨ ਪਾਕਿਸਤਾਨ ਦੇ ਖਿਲਾਫ 34 ਤੇ 74 ਦੌੜਾਂ ਦੀ ਪਾਰੀਆਂ ਨਾਲ ਬੱਲੇਬਾਜ਼ੀ ਰੈਂਕਿੰਗ ਵਿਚ 16ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸ ਦੇ ਸਾਥੀ ਟਿਮ ਸਾਊਥੀ ਗੇਂਦਬਾਜ਼ੀ ਸੂਚੀ ਵਿਚ ਅੱਠ ਸਥਾਨ ਦੇ ਲਾਭ ਨਾਲ 18ਵੇਂ ਨੰਬਰ ’ਤੇ ਪਹੁੰਚਿਆ। ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੂੰ ਨਿਊਜ਼ੀਲੈਂਡ ਖਿਲਾਫ ਲਗਾਤਾਰ ਅਰਧ ਸੈਂਕੜਿਆਂ ਨਾਲ ਇਕ ਸਥਾਨ ਦਾ ਫਾਇਦਾ ਹੋਇਆ ਜਿਸ ਨਾਲ ਉਹ ਚੌਥੇ ਸਥਾਨ ’ਤੇ ਬਣਿਆ ਹੋਇਆ ਹੈ।