ਆਨਲਾਈਨ ਡੈਸਕ, ਨਵੀਂ ਦਿੱਲੀ : ਅਫਗਾਨਿਸਤਾਨ ਦੇ ਓਪਨਰ ਇਬਰਾਹਿਮ ਜ਼ਦਰਾਨ ਨੇ ਆਪਣਾ ਪਲੇਅਰ ਆਫ ਦ ਮੈਚ ਐਵਾਰਡ ਪਾਕਿਸਤਾਨ ਤੋਂ ਵਾਪਸ ਭੇਜੇ ਗਏ ਅਫਗਾਨੀਆ ਨੂੰ ਸਮਰਪਿਤ ਕੀਤਾ। ਇਬਰਾਹਿਮ ਜ਼ਦਰਾਨ ਨੇ ਇਹ ਬਿਆਨ ਅਫਗਾਨਿਸਤਾਨ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ ਤੋਂ ਬਾਅਦ ਦਿੱਤਾ ਜੋ ਤੁਰੰਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵਿਸ਼ਵ ਕੱਪ 2023 ਦੇ 22ਵੇਂ ਮੈਚ ਵਿੱਚ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 6 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾਇਆ ਸੀ। ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ਗੁਆ ਕੇ 282 ਦੌੜਾਂ ਬਣਾਈਆਂ। ਜਵਾਬ ‘ਚ ਅਫਗਾਨਿਸਤਾਨ ਨੇ 49 ਓਵਰਾਂ ‘ਚ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਅਫਗਾਨਿਸਤਾਨ ਦੀ ਪਾਕਿਸਤਾਨ ‘ਤੇ ਪਹਿਲੀ ਜਿੱਤ
ਦੱਸ ਦੇਈਏ ਕਿ ਅਫਗਾਨਿਸਤਾਨ ਨੇ ਵਨਡੇ ਇਤਿਹਾਸ ਵਿੱਚ ਪਹਿਲੀ ਵਾਰ ਪਾਕਿਸਤਾਨ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁੱਲ 7 ਵਨਡੇ ਮੈਚ ਖੇਡੇ ਗਏ ਸਨ ਜਿਨ੍ਹਾਂ ‘ਚ ਪਾਕਿਸਤਾਨ ਨੇ ਹਰ ਵਾਰ ਜਿੱਤ ਦਰਜ ਕੀਤੀ ਸੀ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਵੱਡੇ ਮੰਚ ‘ਤੇ ਹਰਾ ਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ।
ਇਬਰਾਹਿਮ ਜ਼ਦਰਾਨ ਦਾ ਬਿਆਨ
ਨੌਜਵਾਨ ਬੱਲੇਬਾਜ਼ ਦਾ ਬਿਆਨ ਪਲਾਂ ਵਿੱਚ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਬਰਾਹਿਮ ਦਾ ਇਹ ਬਿਆਨ ਉਨ੍ਹਾਂ ਰਿਪੋਰਟਾਂ ਵਿਚਾਲੇ ਆਇਆ ਹੈ ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਪਾਕਿਸਤਾਨ ਨੇ ਰਿਫਿਊਜੀ ਨੂੰ 1 ਨਵੰਬਰ ਤੱਕ ਦੇਸ਼ ਛੱਡਣ ਲਈ ਕਿਹਾ ਹੈ। ਖਾਮਾ ਪ੍ਰੈਸ ਦੇ ਅਨੁਸਾਰ, ਪਾਕਿਸਤਾਨ ਦੇ ਸਰਕਾਰੀ ਰੇਡੀਓ ਨੇ ਦੱਸਿਆ ਕਿ 21 ਅਕਤੂਬਰ ਨੂੰ 3,248 ਅਫਗਾਨ ਸ਼ਰਨਾਰਥੀਆਂ ਨੂੰ ਅਫਗਾਨਿਸਤਾਨ ਭੇਜਿਆ ਗਿਆ ਸੀ।
ਜ਼ਦਰਾਨ ਦਾ ਪ੍ਰਦਰਸ਼ਨ
ਹੋਰ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 51,000 ਤੋਂ ਵੱਧ ਅਫਗਾਨੀਆਂ ਨੂੰ ਪਾਕਿਸਤਾਨ ਤੋਂ ਵਾਪਸ ਭੇਜਿਆ ਗਿਆ ਕਿਉਂਕਿ ਉਨ੍ਹਾਂ ਕੋਲ ਪਰਵਾਸੀ ਦਸਤਾਵੇਜ਼ ਨਹੀਂ ਸਨ। ਯਾਦ ਰਹੇ ਕਿ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਇਬਰਾਹਿਮ ਜ਼ਦਰਾਨ ਨੇ 113 ਗੇਂਦਾਂ ਵਿੱਚ 10 ਚੌਕਿਆਂ ਦੀ ਮਦਦ ਨਾਲ 87 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਰਹਿਮਾਨਉੱਲ੍ਹਾ ਗੁਰਬਾਜ਼ (65), ਰਹਿਮਤ ਸ਼ਾਹ (77) ਅਤੇ ਕਪਤਾਨ ਹਸ਼ਮਤੁੱਲਾ ਸ਼ਹੀਦੀ (48*) ਨੇ ਵੀ ਚੰਗੀਆਂ ਪਾਰੀਆਂ ਖੇਡੀਆਂ।



