ਜਾਸ, ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲਾ ਮਾਮਲੇ ‘ਚ ਪੁੱਛਗਿੱਛ ਲਈ ਭੇਜੇ ਗਏ ਸੰਮਨ ‘ਤੇ 3 ਜਨਵਰੀ ਨੂੰ ਪੇਸ਼ ਹੋਣਾ ਪਵੇਗਾ। ਅਜਿਹੇ ‘ਚ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਆਮ ਆਦਮੀ ਪਾਰਟੀ ਨੂੰ ਪੁੱਛਿਆ ਗਿਆ ਕਿ ਕੀ ਕੇਜਰੀਵਾਲ ਈਡੀ ਸਾਹਮਣੇ ਪੇਸ਼ ਹੋਣਗੇ ਤਾਂ ਫਿਰ ਉਹੀ ਅਸਪਸ਼ਟ ਜਵਾਬ ਮਿਲਿਆ।

ਦਰਅਸਲ, ਜਦੋਂ ਆਮ ਆਦਮੀ ਪਾਰਟੀ ਦੀ ਤਰਜਮਾਨ ਪ੍ਰਿਅੰਕਾ ਕੱਕੜ ਤੋਂ ਪੁੱਛਿਆ ਗਿਆ ਸੀ ਕਿ ਕੇਜਰੀਵਾਲ ਨੂੰ 3 ਜਨਵਰੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣ ਲਈ ਤੀਜਾ ਸੰਮਨ ਮਿਲਿਆ ਹੈ ਤਾਂ ਕੀ ਉਹ ਭਲਕੇ ਈਡੀ ਸਾਹਮਣੇ ਪੇਸ਼ ਹੋਣਗੇ?

ਪੱਤਰਕਾਰ ਦੇ ਇਸ ਸਵਾਲ ਦੇ ਜਵਾਬ ‘ਚ ਪ੍ਰਿਅੰਕਾ ਨੇ ਕਿਹਾ ਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰਾਂਗੇ। ਜਦੋਂ ਇਕ ਹੋਰ ਪੱਤਰਕਾਰ ਨੇ ਇਸ ਨਾਲ ਜੁੜਿਆ ਸਵਾਲ ਪੁੱਛਿਆ ਤਾਂ ਪ੍ਰਿਅੰਕਾ ਨੇ ਕਿਹਾ ਕਿ ਸਾਡੀ ਕਾਨੂੰਨੀ ਟੀਮ ਇਸ ਸਵਾਲ ਦਾ ਜਵਾਬ ਬਿਹਤਰ ਤਰੀਕੇ ਨਾਲ ਦੇ ਸਕਦੀ ਹੈ, ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ।