ਦੀਵਾਲੀ ਦੀ ਤਿਉਹਾਰ ਸਿਰਫ਼ ਰੋਸ਼ਨੀਆਂ ਦਾ ਤਿਉਹਾਰ ਨਹੀਂ ਹੈ ਬਲਕਿ ਇਹ ਖ਼ੁਸ਼ੀਆਂ-ਖੇੜਿਆਂ ਤੇ ਚਾਵਾਂ-ਮਲਾਰਾਂ ਦਾ ਵੀ ਤਿਉਹਾਰ ਹੈ। ਮੌਸਮ ਦੀ ਤਬਦੀਲੀ ਤੇ ਰੂਮਾਨੀਅਤ ਦੀ ਮਹਿਸੂਸੀਅਤ ਦਾ ਤਿਉਹਾਰ ਹੈ। ਪਿਆਰ, ਮੁਹੱਬਤ ਦਾ ਸੰਦੇਸ਼ ਦਿੰਦੀ ਦੀਵਾਲੀ ਪੂਰੀ ਕਾਇਨਾਤ ਨੂੰ ਆਪਣੇ ਆਗੋਸ਼ ਵਿਚ ਲੈਂਦੀ ਹੈ। ਇਹ ਹਰ ਆਮ-ਓ-ਖ਼ਾਸ ਦਾ ਤਿਉਹਾਰ ਹੈ ਅਤੇ ਹਰੇਕ ਦੀ ਰੂਹ ਨੂੰ ਸ਼ਰਸਾਰ ਕਰਦਾ ਹੈ ਤੇ ਨਵੀਂ ਸ਼ੁਰੂਆਤ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹੈ। ਦੀਵਾਲੀ ਦੇ ਇਸ ਤਿਉਹਾਰ ’ਤੇ ਬਾਲੀਵੁੱਡ ਦੇ ਸਿਤਾਰਿਆਂ ਦੀ ਪਾਰਟੀਆਂ ਤਾਂ ਕਾਫੀ ਚਰਚਾ ਵਿਚ ਰਹਿੰਦੀਆਂ ਹਨ ਅਤੇ ਕਈ ਵੱਡੀਆਂ ਫਿਲਮਾਂ ਦੀ ਰਿਲੀਜ਼ ਵੀ ਸੁਰਖੀਆਂ ਬਟੋਰਦੀਆਂ ਹਨ। ਅਜਿਹੇ ਵਿਚ ਪਾਲੀਵੁੱਡ ਵਿਚ ਵੀ ਕਾਫੀ ਚਹਿਲ-ਕਦਮੀ ਰਹਿੰਦੀ ਹੈ। ਪੰਜਾਬੀ ਸਿਤਾਰੇ ਵੀ ਕਿਸੇ ਤੋਂ ਘੱਟ ਨਹੀਂ ਹਨ। ਉਹ ਵੀ ਦੀਵਾਲੀ ’ਤੇ ਆਪਣੇ ਤੇ ਸਮਾਜ ਲਈ ਕੁਝ ਨਾ ਕੁਝ ਕਰਦੇ ਹਨ ਅਤੇ ਇਸ ਉਤਸ਼ਾਹ ਤੇ ਉਮੰਗ ਦਾ ਹਿੱਸਾ ਬਣਦੇ ਹਨ। ਇਸ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੀਆਂ ਕੁਝ ਹਸਤੀਆਂ ਨਾਲ ਗੱਲਬਾਤ ਕੀਤੀ ਗਈ, ਜਿਸ ਦੇ ਪੇਸ਼ ਹਨ ਕੁਝ ਅੰਸ਼ :-

ਸਰਦਾਰ ਸੋਹੀ

ਪੰਜਾਬੀ ਫਿਲਮਾਂ ਦੇ ਅਦਾਕਾਰ ਸਰਦਾਰ ਸੋਹੀ ਨੇ ਦੱਸਿਆ ਕਿ ਉਹ ਪਟਾਕਿਆਂ ਤੋਂ ਰਹਿਤ ਸਾਦੇ ਢੰਗ ਨਾਲ ਦੀਵਾਲੀ ਮਨਾਉਂਦੇ ਹਨ ਅਤੇ ਕੋਈ ਵੀ ਅਡੰਬਰ ਨਹੀਂ ਕਰਦੇ। ਉਹ ਮੋਮਬੱਤੀਆਂ ਤੇ ਦੀਵੇ ਬਾਲ ਕੇ ਦੀਵਾਲੀ ਦਾ ਤਿਉਹਾਰ ਮਨਾਉਣ ਵਿਚ ਯਕੀਨ ਰੱਖਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਸਭ ਦਾ ਭਲਾ ਹੋਵੇ ਅਤੇ ਦੁਨੀਆ ਭਰ ਵਿਚ ਸ਼ਾਤੀ ਬਣੀ ਰਹੇ।

ਪਾਲੀ ਦੇਤਵਾਲੀਆ

ਦੀਵਾਲੀ ਦਾ ਤਿਉਹਾਰ ਮਨਾਉਣ ਸਬੰਧੀ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਕਿਹਾ ਕਿ ਮੈਂ ਸਾਰਾ ਦਿਨ ਪਰਿਵਾਰ ਨਾਲ ਗੁਜ਼ਾਰ ਕੇ ਸਾਦੇ ਢੰਗ ਨਾਲ ਦੀਵਾਲੀ ਮਨਾਉਂਦਾ ਹਾਂ। ਕਰੋੜਾਂ ਰੁਪਏ ਇਕ ਰਾਤ ਦੀ ਠਾਹ ਠੂਹ ’ਤੇ ਫੂਕ ਦਿੱਤਾ ਜਾਂਦਾ ਹੈ, ਜਿਸ ਨਾਲ ਪੈਸੇ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਪ੍ਰਦੂਸ਼ਣ ਵੀ ਫੈਲਦਾ ਹੈ। ਵਾਤਾਵਾਰਣ ਤਾਂ ਪਹਿਲਾਂ ਹੀ ਗੰਧਲਾ ਹੋ ਚੁੱਕਾ ਹੈ, ਉੱਤੋਂ ਜ਼ਹਿਰੀਲਾ ਧੰੂਆਂ ਫੈਲਾਇਆ ਜਾਂਦਾ ਹੈ। ਦੀਵਾਲੀ ਪ੍ਰਦੂਸ਼ਣ ਦਾ ਨਹੀਂ ਸਗੋਂ ਆਮ ਪ੍ਰਦੂਸ਼ਣ ਤੇ ਮਨਾਂ ਵਿਚ ਫੈਲੇ ਪ੍ਰਦੂਸ਼ਣ ਰੂਪੀ ਵਿਚਾਰਾਂ ਦੇ ਖ਼ਾਤਮੇ ਵਾਲਾ ਤਿਉਹਾਰ ਬਣਨਾ ਚਾਹੀਦਾ ਹੈ।

ਰਾਕੇਸ਼ ਬੇਦੀ

ਪੰਜਾਬੀ ਤੇ ਹਿੰਦੀ ਫਿਲਮਾਂ ਦੇ ਅਦਾਕਾਰ ਰਾਕੇਸ਼ ਬੇਦੀ ਨੇ ਕਿਹਾ ਘਰ ਵਿਚ ਦੀਵੇ ਬਾਲਣ ਤੋਂ ਇਲਾਵਾ ਦੋਸਤਾਂ-ਮਿੱਤਰਾਂ ਨਾਲ ਤਾਸ਼ ਖੇਡ ਕੇ ਵੀ ਮਜ਼ੇ ਕਰਦਾਂ ਹਾਂ। ਰਿਸ਼ਤੇਦਾਰਾਂ ਤੇ ਹੋਰ ਸਨੇਹੀਆਂ ਨੂੰ ਮਠਿਆਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕਰਦਾ ਹਾਂ। ਇਹ ਵੀ ਅਰਦਾਸ ਕਰਦਾ ਹਾਂ ਕਿ ਹਰ ਇਕ ਦੀ ਦੀਵਾਲੀ ਖ਼ੁਸ਼ੀਆਂ ਭਰੀ ਹੋਵੇ।

ਹਰਵਿੰਦਰ ਉਹੜਪੁਰੀ

ਗੀਤਕਾਰ ਹਰਵਿੰਦਰ ਉਹੜਪੁਰੀ ਨੇ ਕਿਹਾ ਕਿ ਉਹ ਖ਼ੁਦ ਗ੍ਰੀਨ ਤੇ ਕਲੀਨ ਦੀਵਾਲੀ ਮਨਾਉਣ ਦੇ ਨਾਲ ਨਾਲ ਹੋਰਨਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੋਸ਼ਨੀਆਂ ਦੇ ਇਸ ਤਿਉਹਾਰ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਉਹ ਇਸ ਦਿਨ ਗੁਰਦੁਆਰਾ ਸਾਹਿਬ ਜਾਣਾ ਵੀ ਨਹੀਂ ਭੁੱਲਦੇ।

ਯੋਗੇਸ਼ ਛਾਬੜਾ

ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗੇਸ਼ ਛਾਬੜਾ ਨੇ ਕਿਹਾ ਕਿ ਪੂਜਾ ਪਾਠ ਕਰੀਦਾ ਹੈ। ਗੁਆਢੀਆਂ, ਰਿਸ਼ਤੇਦਾਰਾਂ ਅਤੇ ਹੋਰ ਸਨੇਹੀਆਂ ਨੂੰ ਮਠਿਆਈਆਂ ਵੰਡਣਾ ਦੀਵਾਲੀ ਦੀਆਂ ਖ਼ੁਸ਼ੀਆਂ ’ਚ ਸ਼ਾਮਲ ਹੈ। ਧੀ ਤੇ ਪਤਨੀ ਇਸ ਕਾਰਜ ਵਿਚ ਖ਼ਾਸ ਭੂਮਿਕਾ ਨਿਭਾਉਂਦੀਆਂ ਹਨ। ਦੂਰ ਰਹਿੰਦੇ ਦੋਸਤਾਂ ਮਿੱਤਰਾਂ ਨੂੰ ਫੋਨ ’ਤੇ ਸ਼ੁੱਭ ਇੱਛਾਵਾਂ ਦੇ ਕੇ ਉਨ੍ਹਾਂ ਨੂੰ ਆਪਣੇਪਨ ਦਾ ਅਹਿਸਾਸ ਕਰਵਾਉਣ ਦਾ ਯਤਨ ਰਹਿੰਦਾ ਹੈ। ਸ਼ਗਨ ਵਜੋਂ ਬੱਚਿਆਂ ਨਾਲ ਮਿਲ ਕੇ ਕੁੱਝ ਪਟਾਕੇ ਜ਼ਰੂਰ ਚਲਾਉਂਦਾ ਹਾਂ ਜੋ ਪ੍ਰਦੂਸ਼ਣ ਰਹਿਤ ਹੋਣ। ਜ਼ਿਆਦਾ ਸ਼ੋਰ ਸ਼ਰਾਬੇ ਵਾਲੇ ਪਟਾਕਿਆਂ ਤੋਂ ਬੱਚਿਆਂ ਨੂੰ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਹਾਂ।

ਤੇਜਵੰਤ ਕਿੱਟੂ

ਮਿਊਜ਼ਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਕਿਹਾ ਕਿ ਘਰ ਦੀ ਸਫ਼ਾਈ ਦੇ ਨਾਲ-ਨਾਲ ਪਰਿਵਾਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਾ ਹੈ। ਪੂਰੇ ਘਰ ਵਿਚ ਰੋਸ਼ਨੀ ਕੀਤੀ ਜਾਂਦੀ ਹੈ। ਤਿਉਹਾਰਾਂ ਦਾ ਜਨਮ ਕੁਦਰਤ ਨਾਲ ਇਕਸੁਰਤਾ ਵਧਾਉਣ ਲਈ ਹੋਇਆ ਸੀ ਪਰ ਅੱਜ ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਦੀਵਾਲੀ ਦੀ ਰਾਤ ਪਟਾਕੇ ਚਲਾਉਣ ਕਾਰਨ ਕਈ ਦੁਖਦਾਈ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਅਸੀਂ ਖ਼ੁਦ ਰੋਕ ਸਕਦੇ ਹਾਂ।

ਮੁਹੰਮਦ ਸਦੀਕ

ਉਸਤਾਦ ਗਾਇਕ ਤੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੇ ਦੀਵਾਲੀ ਦਾ ਤਿਉਹਾਰ ਮਨਾਉਣ ਬਾਰੇ ਕਿਹਾ ਕਿ ਆਮ ਲੋਕਾਂ ਵਾਂਗ ਹੀ ਉਹ ਪੂਜਾ ਅਰਚਨਾ ਕਰ ਕੇ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ। ਵੈਸੇ ਤਾਂ ਹਰ ਦਿਨ ਹੀ ਉਨ੍ਹਾਂ ਲਈ ਸਾਜ਼ ਪੂਜਨੀਕ ਹਨ ਪਰ ਇਸ ਦਿਨ ਉਹ ਲਕਸ਼ਮੀ ਦੇ ਨਾਲ-ਨਾਲ ਵਿਸ਼ੇਸ਼ ਤੌਰ ’ਤੇ ਸਾਜ਼ਾਂ ਦੀ ਪੂਜਾ ਕਰਦੇ ਹਨ।

ਰਤਨ ਔਲਖ

ਐਕਟਰ, ਡਾਇਰੈਕਟਰ ਤੇ ਲੇਖਕ ਰਤਨ ਔਲਖ ਨੇ ਕਿਹਾ ਕਿ ਪਰਿਵਾਰ ਤੇ ਦੋਸਤਾਂ ਦੇ ਨਾਲ-ਨਾਲ ਮੈਂ ਟੀਮ ਮੈਂਬਰਾਂ ਨਾਲ ਵੀ ਕੁੱਝ ਸਮਾਂ ਬਿਤਾ ਕੇ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦਾ ਹਾਂ। ਘਰ ਵਿਚ ਮਿੱਟੀ ਦੇ ਦੀਵੇ ਜਗਾਉਣ ਲਈ ਇਨ੍ਹਾਂ ਦੀ ਖ਼ਰੀਦ ਸੜਕਾਂ ਕਿਨਾਰੇ ਬੈਠੇ ਲੋਕਾਂ ਤੋਂ ਕਰਦਾ ਹਾਂ, ਕਿਸੇ ਵੱਡੇ ਮਾਲ ਜਾਂ ਦੁਕਾਨ ਤੋਂ ਨਹੀਂ। ਸਾਨੂੰ ਲਕਸ਼ਮੀ ਦੀ ਉਡੀਕ ਵਿਚ ਘਰਾਂ ਦੇ ਦਰਵਾਜ਼ਿਆਂ ਦੀ ਥਾਂ ਮਨਾਂ ਦੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਇਸ ਢੰਗ ਨਾਲ ਮਨਾਉਣਾ ਚਾਹੀਦਾ ਹੈ ਕਿ ਇਹ ਸਹੀ ਅਰਥਾਂ ’ਚ ਸਾਰਿਆਂ ਲਈ ਖ਼ੁਸ਼ੀਆਂ ਦਾ ਤਿਉਹਾਰ ਬਣ ਜਾਵੇ।

ਰਤਨ ਔਲਖ

ਐਕਟਰ, ਡਾਇਰੈਕਟਰ ਤੇ ਲੇਖਕ ਰਤਨ ਔਲਖ ਨੇ ਕਿਹਾ ਕਿ ਪਰਿਵਾਰ ਤੇ ਦੋਸਤਾਂ ਦੇ ਨਾਲ-ਨਾਲ ਮੈਂ ਟੀਮ ਮੈਂਬਰਾਂ ਨਾਲ ਵੀ ਕੁੱਝ ਸਮਾਂ ਬਿਤਾ ਕੇ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦਾ ਹਾਂ। ਘਰ ਵਿਚ ਮਿੱਟੀ ਦੇ ਦੀਵੇ ਜਗਾਉਣ ਲਈ ਇਨ੍ਹਾਂ ਦੀ ਖ਼ਰੀਦ ਸੜਕਾਂ ਕਿਨਾਰੇ ਬੈਠੇ ਲੋਕਾਂ ਤੋਂ ਕਰਦਾ ਹਾਂ, ਕਿਸੇ ਵੱਡੇ ਮਾਲ ਜਾਂ ਦੁਕਾਨ ਤੋਂ ਨਹੀਂ। ਸਾਨੂੰ ਲਕਸ਼ਮੀ ਦੀ ਉਡੀਕ ਵਿਚ ਘਰਾਂ ਦੇ ਦਰਵਾਜ਼ਿਆਂ ਦੀ ਥਾਂ ਮਨਾਂ ਦੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਇਸ ਢੰਗ ਨਾਲ ਮਨਾਉਣਾ ਚਾਹੀਦਾ ਹੈ ਕਿ ਇਹ ਸਹੀ ਅਰਥਾਂ ’ਚ ਸਾਰਿਆਂ ਲਈ ਖ਼ੁਸ਼ੀਆਂ ਦਾ ਤਿਉਹਾਰ ਬਣ ਜਾਵੇ।

ਨੇਹਾ ਪਵਾਰ

‘ਅਸੀਸ’ ਅਤੇ ‘ਚਿੜ੍ਹੀਆਂ ਦਾ ਚੰਬਾ’ ਸਮੇਤ ਅਨੇਕਾਂ ਫਿਲਮਾਂ ਵਿਚ ਅਦਾਕਾਰੀ ਦੇ ਜੌਹਰ ਵਿਖਾਉਣ

ਵਾਲੀ ਅਦਾਕਾਰਾ ਨੇਹਾ ਪਵਾਰ ਨੇ ਕਿਹਾ ਕਿ ਉਹ ਇਸ ਦਿਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ। ਪਾਠ ਕਰਦੀ ਹਾਂ ਅਤੇ ਸਭ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਖ਼ੁਸ਼ੀਆਂ ਵੰਡਣ ਦਾ ਉਪਰਾਲਾ ਕਰਦੀ ਹਾਂ। ਮਠਿਆਈਆਂ ਵੰਡਣਾ ਵੀ ਉਸ ਦੀ ਖੁਸ਼ੀ ਵਿਚ ਪ੍ਰਮੁੱਖ ਤੌਰ ’ਤੇ ਸ਼ਾਮਲ ਹੈ। ਇਸ ਤੋਂ ਇਲਾਵਾ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵੱਖਰਾ ਹੀ ਆਨੰਦ ਹੈ।

ਪੰਮੀ ਬਾਈ

ਪੰਜਾਬੀ ਗਾਇਕ ਪੰਮੀ ਬਾਈ ਨੇ ਕਿਹਾ ਕਿ ਕੋਈ ਪਟਾਕੇ ਵਜਾ ਕੇ ਦੀਵਾਲੀ ਮਨਾਉਂਦਾ ਹੈ ਅਤੇ ਕੋਈ ਦੀਵੇ ਬਾਲ ਕੇ ਪਰ ਉਹ ਪਿਛਲੇ ਕਈ ਸਾਲਾਂ ਤੋਂ ਗੂੰਗੇ ਬਹਿਰੇ ਬੱਚਿਆਂ ਤੇ ਬਿਰਧ ਆਸ਼ਰਮ ਵਿਚ ਜਾ ਕੇ ਦੀਵਾਲੀ ਮਨਾਉਂਦੇ ਹਨ। ਗੂੰਗੇ ਬਹਿਰੇ ਬੱਚਿਆਂ ਤੇ ਬਿਰਧ ਆਸ਼ਰਮ ਵਿਚ ਬਜ਼ੁਰਗਾਂ ਦੇ ਚਿਹਰਿਆਂ ’ਤੇ ਰੌਣਕ ਅਤੇ ਉਨ੍ਹਾਂ ਦੀ ਮਨ ਨੂੰ ਮਿਲੇ ਸਕੂਨ ਨੂੰ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਖ਼ੁਸ਼ੀਆਂ ਵੰਡਣ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੋ ਸਕਦੀ।

– ਪਲਵਿੰਦਰ ਢੁੱਡੀਕੇ