ਬਾਲੀਵੁੱਡ ਵਿਚ ਆਮ ਤੌਰ ’ਤੇ ਨਜ਼ਰ ਆਉਣ ਵਾਲੀਆਂ ਰੰਗੀਨੀਆਂ ਨੂੰ ਦੀਵਾਲੀ ਤਿਉਹਾਰ ਦੀਆਂ ਰੋਸ਼ਨੀਆਂ ਨੇ ਇਨ੍ਹੀਂ ਦਿਨੀਂ ਹੋਰ ਸੋਹਣੇ ਰੰਗ ਦੇਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦਾ ਅਹਿਸਾਸ ਲਾਈਟਾਂ ਤੇ ਦੀਵਿਆਂ ਦੀ ਚਕਾਚੌਂਧ ਨਾਲ ਜਗਮਗਾ ਰਿਹਾ ਹਰ ਸਿਨੇਮਾ ਸ਼ਖ਼ਸੀਅਤ ਦਾ ਘਰ ਤੇ ਵਿਹੜਾ ਭਲੀਭਾਂਤ ਕਰਵਾ ਰਿਹਾ ਹੈ। ਇਨ੍ਹਾਂ ਸਿਤਾਰਿਆਂ ਨੇ ਆਪੋ-ਆਪਣੇ ਆਸ਼ਿਆਨਿਆਂ ਨੂੰ ਸਜਾਉਣ ਦੀ ਕਵਾਇਦ ਹੋਰ ਤੇਜ਼ ਕਰ ਦਿੱਤੀ ਹੈ। ਬੀ-ਟਾਊਨ ਦੇ ਪ੍ਰਮੁੱਖ ਬਜ਼ਾਰਾਂ ਵਿਚ ਆਪਣੀਆਂ ਪਸੰਦੀਦਾ ਵਸਤੂਆਂ ਤੇ ਰੰਗ-ਬਿਰੰਗੇ ਦਿਲਕਸ਼ ਪਹਿਰਾਵਿਆਂ ਦੀ ਚੋਣ ਅਤੇ ਖ਼ਰੀਦੋ-ਫਰੋਖ਼ਤ ਵਿਚ ਜੁਟੀਆਂ ਮਾਇਆਨਗਰੀ ਦੀਆਂ ਇਹ ਹਸਤੀਆਂ ਇਸ ਤਿਉਹਾਰ ਨੂੰ ਲੈ ਕੇ ਕੀ-ਕੀ ਖ਼ਾਸ ਤਿਆਰੀਆਂ ਨੂੰ ਅੰਜਾਮ ਦੇ ਰਹੀਆਂ ਹਨ ਅਤੇ ਇਸ ਦਿਨ ਨੂੰ ਕਿਵੇਂ ਮਨਾਉਦੀਆਂ ਹਨ, ਆਓ ਇਸ ਨੂੰ ਲੈ ਕੇ ਜਾਣਦੇ ਹਾਂ ਇਨ੍ਹਾਂ ਦੇ ਵਿਚਾਰ…

ਧਰਮਿੰਦਰ

ਬਾਲੀਵੁੱਡ ਦੇ ਸਤਿਕਾਰਤ ਫਿਲਮੀ ਪਰਿਵਾਰ ਵਜੋਂ ਚੋਖੀ ਭੱਲ ਕਾਇਮ ਕਰ ਚੁੱਕਾ ਦਿਓਲ ਪਰਿਵਾਰ ਇਸ ਤਿਉਹਾਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਤੇ ਤਿਆਰੀਆਂ ਵਿਚ ਮਸ਼ਗੂਲ ਹੋਇਆ ਨਜ਼ਰ ਆ ਰਿਹਾ ਹੈ। ਧਰਮਿੰਦਰ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਸਨੀ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ ‘ਗਦਰ 2’ ਨੇ ਦੁਨੀਆ ਭਰ ਵਿਚ ਕਾਮਯਾਬੀ ਦੇ ਨਵੇਂ ਝੰਡੇ ਗੱਡ ਦਿੱਤੇ ਹਨ। ਪੋਤੇ ਰਾਜਵੀਰ ਦਿਓਲ ਦਾ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ ‘ਦੋਨੋਂ’ ਨਾਲ ਹੋਇਆ ਸ਼ਾਨਦਾਰ ਡੈਬਿਊ ਅਤੇ ਕਰਨ ਦਿਓਲ ਦੇ ਵਿਆਹ ਉਪਰੰਤ ਉਨ੍ਹਾਂ ਦੇ ਪਰਿਵਾਰ ਵਿਚ ਇਹ ਪਹਿਲੀ ਦੀਵਾਲੀ ਹੈ। ਸਾਰੀਆਂ ਖ਼ੁਸ਼ੀਆਂ ਦਾ ਸਾਂਝਾ ਜਸ਼ਨ ਦੀਵਾਲੀ ਦੇ ਰੂਪ ਵਿਚ ਆਪਣੇ ਜੁਹੂ ਸਥਿਤ ਘਰ ਅਤੇ ਲੋਨਾਵਾਲਾ ਦੇ ਫਾਰਮ ਹਾਊਸ ’ਤੇ ਸੈਲੀਬ੍ਰੇਟ ਕਰਾਂਗੇ। ਉਨ੍ਹਾਂ ਸਮੂਹ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਅਪੀਲ ਕੀਤੀ ਕਿ ਦੀਵਾਲੀ ਨੂੰ ਪਟਾਕਿਆਂ ਤੋਂ ਬਿਨਾਂ ਮਨਾਇਆ ਜਾਵੇ ਤਾਂ ਕਿ ਇਸ ਤੋਂ ਹੋਣ ਵਾਲੇ ਪ੍ਰਦੂਸ਼ਣ ਤੇ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ।

ਜਿੰਮੀ ਸ਼ੇਰਗਿੱਲ

ਪੰਜਾਬੀ ਹੋਣ ਨਾਤੇ ਇਹ ਤਿਉਹਾਰ, ਜਿਸ ਦਾ ਸਬੰਧ ਬੰਦੀ ਛੋੜ ਦਿਵਸ ਨਾਲ ਵੀ ਹੈ, ਮੇਰੇ ਹੀ ਨਹੀਂ ਬਲਕਿ ਸਾਡੇ ਪੂਰੇ ਪਰਿਵਾਰ ਲਈ ਹਰ ਵਾਰ ਬੇਹੱਦ ਖ਼ਾਸ ਰਹਿੰਦਾ ਹੈ, ਜਿਸ ਨੂੰ ਪਤਨੀ, ਬੱਚਿਆ ਸਮੇਤ ਪੂਰੇ ਜੋਸ਼-ਓ-ਖ਼ਰੋਸ਼ ਨਾਲ ਮਨਾਉਣਾ ਪਸੰਦ ਕਰਦਾ ਹਾਂ। ਇਸ ਵਾਰ ਇਹ ਰੰਗ ਥੋੜੇ ਫਿੱਕੇ ਮਹਿਸੂਸ ਕਰਾਂਗਾ ਕਿਉਂਕਿ ਇਸ ਦੀਵਾਲੀ ਮੁੰਬਈ ਨਹੀਂ ਬਲਕਿ ਇੰਗਲੈਂਡ ਵਿਚ ਹੋਵਾਂਗਾ, ਜਿੱਥੇ ਮੇਰੀ ਨਵੀਂ ਹਿੰਦੀ ਫਿਲਮ ‘ਪੂਨੀਆ ਕੀ ਦੁਨੀਆ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਪਰ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਆਪਣੇ ਸਾਥੀਆਂ ਨਾਲ ਇਸ ਤਿਉਹਾਰ ਦੀਆਂ ਖ਼ੁਸ਼ੀਆਂ ਨੂੰ ਜ਼ਰੂਰ ਸਾਂਝਾ ਕਰਾਂ, ਤਾਂ ਕਿ ਇਸ ਪ੍ਰਤੀ ਆਪਣੀ ਆਸਥਾ ਦਾ ਬਣਦਾ ਪ੍ਰਗਟਾਵਾ ਕੀਤਾ ਜਾ ਸਕੇ।

ਰੋਸ਼ਨੀ ਸਹੋਤਾ

ਦੀਵਾਲੀ ਨੂੰ ਲੈ ਕੇ ਆਪਣੇ ਮਨ ਦੀਆਂ ਭਾਵਨਾਵਾਂ ਦੀ ਗੱਲ ਕਰਾਂ ਤਾਂ ਇਹ ਦਿਨ ਮੇਰੇ ਲਈ ਹਮੇਸ਼ਾ ਪ੍ਰਾਪਤੀਆਂ ਨੂੰ ਸੇਲੀਬ੍ਰੇਟ ਕਰਨ ਦਾ ਇਕ ਅਹਿਮ ਸਬੱਬ ਵੀ ਰਿਹਾ ਹੈ। ਇਸ ਵਾਰ ਹਾਲ ਹੀ ਵਿਚ ਮਿਲੀਆਂ ਵੱਡੀਆਂ ਸਾਊਥ ਫ਼ਿਲਮਾਂ ਦੀ ਖ਼ੁਸ਼ੀ ਮਨਾਵਾਂਗੀ ਪਰ ਸ਼ੋਰ ਸ਼ਰਾਬੇ ਨਾਲ ਨਹੀਂ ਬਲਕਿ ਸਾਧਾਰਨ ਰੂਪ ’ਚ ਪਰਿਵਾਰ ਨਾਲ ਹੀ। ਹੋ ਸਕਦਾ ਹੈ ਕਿ ਇਸ ਵਾਰ ਇਸ ਤਿਉਹਾਰ ਨੂੰ ਪੰਜਾਬ ਵਿਚ ਆਪਣੇ ਜੱਦੀ ਘਰ ’ਚ ਮਨਾਵਾਂ ਪਰ ਇਹ ਤਾਂਘ ਮੁੰਬਈ ਤੇ ਹੈਦਰਾਬਾਦ ਦੇ ਸ਼ੂਟਿੰਗ ਰੁਝੇਵਿਆਂ ਕਾਰਨ ਪੂਰੀ ਹੋਵੇਗੀ ਜਾਂ ਨਹੀਂ ਇਸ ਬਾਰੇ ਹਾਲੇ ਤੱਕ ਕੁਝ ਨਹੀਂ ਪਤਾ।

ਜਸਵੰਤ ਸਿੰਘ ਰਾਠੌਰ

ਦੀਵਾਲੀ ਸਾਰਿਆ ਦਾ ਸਾਂਝਾ ਤਿਉਹਾਰ ਹੈ, ਇਸ ਨਾਲ ਬਚਪਨ ਦੀਆਂ ਕਈ ਯਾਦਾਂ ਵੀ ਜੁੜੀਆਂ ਹੋਈਆਂ ਹਨ। ਉਦੋਂ ਬਹੁਤ ਚਾਅ ਨਾਲ ਇਹ ਤਿਉਹਾਰ ਮਨਾਉਂਦੇ ਸੀ ਅਤੇ ਇਹ ਸਿਲਸਿਲਾ ਅੱਜ ਤੱਕ ਬਾਦਸਤੂਰ ਜਾਰੀ ਹੈ। ਇਸ ਦਿਨ ਦੀਆਂ ਖ਼ੁਸ਼ੀਆਂ ਆਪਣਿਆਂ ਦੇ ਨਾਲ-ਨਾਲ ਦੀਨ ਦੁਖੀਆਂ ਦੀ ਸੇਵਾ ਵਿਚ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਆਪਣੇ ਵੱਲੋਂ ਇਕ ਅਪੀਲ ਵੀ ਕਰਾਂਗਾ ਕਿ ਸਾਨੂੰ ਦੀਵਿਆਂ ਆਦਿ ਦੀ ਖ਼ਰੀਦਦਾਰੀ ਉਨ੍ਹਾਂ ਕਿਰਤੀਆਂ ਪਾਸੋਂ ਹੀ ਕਰਨੀ ਚਾਹੀਦੀ ਹੈ, ਜੋ ਆਪਣੇ ਹੱਥੀਂ ਕਈ ਕਈ ਦਿਨਾਂ ਦੀ ਮਿਹਨਤ ਕਰ ਕੇ ਇਨ੍ਹਾਂ ਨੂੰ ਬਣਾਉਦੇ ਹਨ ਅਤੇ ਇਹ ਆਸ ਵੀ ਕਰਦਾਂ ਕਿ ਇਹੀ ਰੋਜ਼ੀ ਰੋਟੀ ਦਾ ਸਾਧਨ ਉਨ੍ਹਾਂ ਲਈ ਢੇਰ ਸਾਰੀਆਂ ਖ਼ੁਸ਼ੀਆਂ ਲੈ ਕੇ ਆਵੇਗਾ। ਇਸ ਲਈ ਇੰਨ੍ਹਾਂ ਪਾਸੋ ਵੱਧ ਤੋਂ ਵੱਧ ਇਹ ਖ਼ਰੀਦਣੇ ਚਾਹੀਦੇ ਹਨ ਤਾਂ ਕਿ ਇਹ ਮਿਹਨਤਕਸ਼ ਲੋਕ ਵੀ ਸਹੀ ਰੂਪ ਵਿਚ ਇਸ ਤਿਉਹਾਰ ਦਾ ਆਨੰਦ ਉਠਾ ਸਕਣ।

ਕਰਨ ਨਾਥ

ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਮਾਤਾ ਤੇ ਦਿੱਗਜ ਹਸਤੀਆਂ ਰਿੰਕੂ ਰਾਕੇਸ਼ ਨਾਥ ਅਤੇ ਰੀਮਾ ਰਾਕੇਸ਼ ਨਾਥ ਦੇ ਹੋਣਹਾਰ ਬੇਟੇ ਤੇ ਪ੍ਰੀਤੀ ਸਪਰੂ ਦੇ ਭਾਂਣਜੇ ਅਦਾਕਾਰ ਕਰਨ ਨਾਥ ਵੀ ਦੀਵਾਲੀ ਨੂੰ ਲੈ ਕੇ ਖ਼ਾਸੇ ਉਤਸ਼ਾਹਤ ਰਹਿੰਦੇ ਹਨ। ਉਹ ਦੱਸਦੇ ਹਨ ਕਿ ਬਚਪਨ ਤੋਂ ਹੀ ਇਹ ਦਿਨ ਸਾਡੇ ਸਾਰੇ ਪਰਿਵਾਰ ਲਈ ਕਾਫੀ ਚਾਵਾਂ ਵਾਲਾ ਰਿਹਾ ਹੈ। ਇਸ ਦਿਨ ਜਿੱਥੇ ਫਿਲਮੀ ਸ਼ਖਸ਼ੀਅਤਾਂ ਦੀ ਘਰ ਵਿਚ ਆਮਦ ਬਣਦੀ ਸੀ, ਉੱਥੇ ਰਿਸ਼ਤੇਦਾਰ ਤੇ ਨਜ਼ਦੀਕੀ ਦੋਸਤਾਂ ਨਾਲ ਵੀ ਇਕੱਠਿਆਂ ਮਿਲ ਬੈਠਣ ਅਤੇ ਹਾਸੇ ਠੱਠਿਆਂ ਤੇ ਪਾਰਟੀ ਨਾਲ ਇਸ ਦਿਨ ਨੂੰ ਮਨਾਉਣ ਦਾ ਸਬੱਬ ਬਣਦਾ ਸੀ। ਹੁਣ ਪਹਿਲਾਂ ਦੀ ਤਰ੍ਹਾਂ ਪਟਾਕਿਆਂ ਤੇ ਆਤਿਸ਼ਬਾਜ਼ੀ ਆਦਿ ਦਾ ਹੋ-ਹੱਲਾ ਨਹੀਂ ਕਰਦੇ ਬਲਕਿ ਗਰੀਨ ਦੀਵਾਲੀ ਦੇ ਰੂਪ ਵਿਚ ਇਸ ਨੂੰ ਸਮਰਪਿਤ ਰਹਿੰਦੇ ਹਾਂ।

ਸੋਨਾਲੀ ਸਹਿਗਲ

ਬਹੁ-ਚਰਚਿਤ ਹਿੰਦੀ ਫ਼ਿਲਮ ‘ਪਿਆਰ ਕਾ ਪੰਚਨਾਮਾ’ ਨਾਲ ਸਿਲਵਰ ਸਕਰੀਨ ’ਤੇ ਦਸਤਕ ਦੇਣ ਵਾਲੀ ਅਦਾਕਾਰਾ ਸੋਨਾਲੀ ਸਹਿਗਲ ਅਨੁਸਾਰ ਇਸ ਵਾਰ ਦਾ ਇਹ ਤਿਉਹਾਰ ਪੂਰੇ ਪਰਿਵਾਰ ਲਈ ਖ਼ਾਸ ਮਹੱਤਤਾ ਰੱਖਦਾ ਹੈ, ਜਿਸ ਦਾ ਕਾਰਨ ਅਸ਼ੀਸ਼ ਸਜਨਾਨੀ ਨਾਲ ਵਿਆਹ ਉਪਰੰਤ ਇਹ ਮੇਰੀ ਪਹਿਲੀ ਦੀਵਾਲੀ ਹੈ। ਇਸ ਨੂੰ ਅਸੀਂ ਦੋਵੇਂ ਜਣੇ ਆਪਣੇ ਦੋਹਾਂ ਪਰਿਵਾਰਾਂ ਦੀ ਮੌਜੂਦਗੀ ਵਿਚ ਸਾਂਝੇ ਤੌਰ ’ਤੇ ਬਹੁਤ ਹੀ ਗ੍ਰੈਂਡ ਪਾਰਟੀ ਦੇ ਰੂਪ ਵਿਚ ਸੈਲੀਬ੍ਰੇਟ ਕਰਾਂਗੇ। ਇਸ ਦੌਰਾਨ ਕਰੀਬੀ ਫਿਲਮੀ ਸਾਥੀਆਂ ਦੀ ਮੌਜੂਦਗੀ ਵੀ ਯਕੀਨੀ ਬਣਾਵਾਂਗੇ, ਜਿਸ ਨਾਲ ਇਸ ਦੀਵਾਲੀ ਦੀ ਰੌਣਕ ਨੂੰ ਹੋਰ ਚਾਰ ਚੰਨ ਲੱਗਣਗੇ।

ਸ਼ਰਹਾਨ ਸਿੰਘ

ਮੁੰਬਈ ਵਿਚ ਆਪਣੀ ਵਿਲੱਖਣ ਪਛਾਣ ਸਥਾਪਤ ਕਰਨ ਵਿਚ ਸਫਲ ਰਹੇ ਹਨ ਪਟਿਆਲਾ ਦੇ ਰਹਿਣ ਵਾਲੇ ਐਕਟਰ ਸ਼ਰਹਾਨ ਸਿੰਘ, ਜੋ ਅੱਜ-ਕੱਲ੍ਹ ਸਟਾਰ ਪਲੱਸ ਦੇ ਸ਼ੋਅ ‘ਤੇਰੀ ਮੇਰੀ ਡੋਰੀਆਂ’ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਦੀਵਾਲੀ ਦਾ ਆਪਣਾ ਹੀ ਰੰਗ ਹੁੰਦਾ ਹੈ, ਜਿਸ ਦਾ ਆਨੰਦ ਬਚਪਨ ਤੋਂ ਜਵਾਨੀ ਤੱਕ ਉਠਾਉਣ ਨੂੰ ਮਿਲਦਾ ਰਿਹਾ ਹੈ। ਹੁਣ ਗਲੈਮਰ ਦੀ ਦੁਨੀਆ ਵਿਚ ਇਸ ਤਿਉਹਾਰ ਨੂੰ ਮਾਨਣ ਦਾ ਚਾਅ ਪੂਰਾ ਕਰ ਰਿਹਾ ਹਾਂ। ਪਟਾਕਿਆਂ ਆਤਿਸ਼ਬਾਜ਼ੀ ਆਦਿ ਤੋਂ ਖ਼ੁਦ ਨੂੰ ਦੂਰ ਹੀ ਰੱਖਦਾ ਹਾਂ। ਇਸ ਦਿਨ ਗੁਰਦੁਆਰਾ ਸਾਹਿਬ ਜਾਣਾ ਮੇਰੀ ਦੀਵਾਲੀ ਰੂਟੀਨ ਦਾ ਅਹਿਮ ਹਿੱਸਾ ਰਹਿੰਦਾ ਹੈ।

ਪ੍ਰਵੀਨ ਡਬਾਸ-ਪ੍ਰੀਤੀ ਝਾਂਗਿਆਨੀ

ਬਾਲੀਵੁੱਡ ਦੀ ਚਰਚਿਤ ਤੇ ਖ਼ੂਬਸੂਰਤ ਜੋੜੀ ਨੇ ਦੀਵਾਲੀ ਮਨਾਉਣ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਦੱਸਿਆ ਕਿ ਇਸ ਦਿਨ ਨੂੰ ਪਰਿਵਾਰ ਤੇ ਸਟਾਫ ਤੱਕ ਹੀ ਸੀਮਿਤ ਰੱਖਦੇ ਹਾਂ। ਇਸ ਦੇ ਮੱਦੇਨਜ਼ਰ ਲਕਸ਼ਮੀ ਪੂਜਾ, ਰੰਗੋਲੀ ਬਣਾਉਣ ਆਦਿ ਰਸਮਾਂ ਅਦਾ ਕਰਨ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਵਿਖੇ ਵੀ ਕੁਝ ਸਮਾਂ ਗੁਰਬਾਣੀ ਕੀਰਤਨ ਸੁਣਦੇ ਹਾਂ ਤਾਂ ਕਿ ਬੱਚਿਆਂ ਨੂੰ ਅਸਲ ਜੜ੍ਹਾਂ ਤੇ ਕਦਰਾਂ-ਕੀਮਤਾਂ ਨਾਲ ਜੋੜਿਆ ਜਾ ਸਕੇ। ਇਸ ਦੌਰਾਨ ਕੁਝ ਪਲ ਸਮਾਜਿਕ ਕਾਰਜਾਂ ਦੇ ਵੀ ਲੇਖੇ ਲਾਉਂਦੇ ਹਾਂ, ਜਿਸ ਨਾਲ ਇਸ ਦਿਨ ਦੀਆਂ ਖ਼ੁਸ਼ੀਆਂ ਤੇ ਸਕੂਨ ਦੁੱਗਣਾ ਹੋ ਜਾਂਦਾ ਹੈ।

ਸੋਨੂ ਸੂਦ

ਜਦ ਵੀ ਇਹ ਤਿਉਹਾਰ ਨੇੜੇ ਆਉਂਦਾ ਹੈ ਤਾਂ ਪੰਜਾਬ ਦੇ ਮੋਗਾ ਵਿਖੇ ਸਥਿਤ ਉਹ ਜੱਦੀ ਘਰ ਤੇ ਉਸ ਨਾਲ ਜੁੜੇ ਦੀਵਾਲੀ ਦੇ ਨਜ਼ਾਰੇ ਅੱਖਾਂ ਮੁੂਹਰੇ ਮੁੜ ਜੀਵੰਤ ਹੋ ਜਾਂਦੇ ਹਨ। ਪਿਤਾ ਸਵ. ਸ਼ਕਤੀ ਸੂਦ ਤੇ ਮਾਤਾ ਸਰੋਜ ਸੂਦ ਨਾਲ ਅਸੀਂ ਸਾਰੇ ਪਰਿਵਾਰਕ ਮੈਂਬਰ ਬਹੁਤ ਹੀ ਚਾਵਾਂ ਤੇ ਸੱਧਰਾਂ ਨਾਲ ਇਸਨੂੰ ਮਨਾਉਦੇ ਸੀ। ਇਸ ਅਹਿਮ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਨਵੇਂ ਕੱਪੜਿਆਂ ਤੋਂ ਲੈ ਕੇ ਮਠਿਆਈਆਂ ਆਦਿ ਘਰ ਵਿਚ ਲਿਆਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਕਿਉਂਕਿ ਰਿਸ਼ਤੇਦਾਰਾਂ ਤੋਂ ਲੈ ਕੇ ਸਾਰੇ ਸਟਾਫ ਤੇ ਲੋੜਵੰਦਾਂ ਨਾਲ ਇਸ ਦਿਨ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨਾ ਸਾਡੀਆਂ ਵਿਸ਼ੇਸ਼ ਤਰਜੀਹਾਂ ਵਿਚ ਸ਼ਾਮਲ ਰਹਿੰਦਾ ਸੀ। ਮਾਤਾ-ਪਿਤਾ ਦੇ ਜਹਾਨੋਂ ਰੁਖ਼ਸਤ ਹੋ ਜਾਣ ਬਾਅਦ ਹੁਣ ਇਸ ਤਿਉਹਾਰ ਨੂੰ ਪਹਿਲਾਂ ਦੀ ਤਰ੍ਹਾਂ ਖੁਸ਼ੀਆਂ-ਖੇੜ੍ਹਿਆਂ ਨਾਲ ਮਨਾਉਣ ਦਾ ਮਨ ਨਹੀਂ ਰਹਿੰਦਾ ਪਰ ਫਿਰ ਵੀ ਉਨ੍ਹਾਂ ਦੇ ਦਿਖਾਏ ਰਾਹ ’ਤੇ ਚਲਦਿਆਂ ਦੀਵਾਲੀ ਤੇ ਜਿੰਨਾ ਸੰਭਵ ਹੋ ਸਕੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਯਤਨ ਕਰਦਾ ਹਾਂ। ਇਸ ਵਿਚ ਬੱਚਿਆਂ, ਪਤਨੀ ਅਤੇ ਭੈਣਾਂ ਦੀ ਵੀ ਬਰਾਬਰ ਸ਼ਮੂਲੀਅਤ ਰਹਿੰਦੀ ਹੈ। ਅਸੀਂ ਸਾਰੇ ਇਸ ਦਿਨ ਨੂੰ ਸੇਵਾ ਭਾਵਨਾ ਦੇ ਹੀ ਲੇਖਾ ਲਾਉਣਾ ਆਪਣਾ ਅਹਿਮ ਫਰਜ਼ ਸਮਝਦੇ ਹਨ।

– ਪਰਮਜੀਤ ਫ਼ਰੀਦਕੋਟ