ਡਿਸੀਟਲ ਡੈਸਕ, ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਦੂਸ਼ਣ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਦਾ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ‘ਤੇ ਡੂੰਘਾ ਅਸਰ ਪੈਂਦਾ ਹੈ ਤੇ ਇਹ ਪ੍ਰਦੂਸ਼ਣ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਸਿਹਤ ਲਈ ਘਾਤਕ ਬਣ ਜਾਂਦਾ ਹੈ।

ਦਿੱਲੀ ਦੇ ਕਈ ਇਲਾਕਿਆਂ ‘ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਪੱਧਰ ‘ਤੇ ਬਣਿਆ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਸਮੁੱਚੀ ਗੁਣਵੱਤਾ ਲਗਾਤਾਰ ਕਈ ਦਿਨਾਂ ਤੋਂ ‘ਗੰਭੀਰ’ ਸ਼੍ਰੇਣੀ ਵਿੱਚ ਬਣੀ ਹੋਈ ਹੈ।

CPCB ਦੇ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ‘ਚ ਬਣੀ ਹੋਈ ਹੈ। ਵਿਗੜਦੀ ਹਵਾ ਦੀ ਗੁਣਵੱਤਾ ਦੇ ਜਵਾਬ ਵਿੱਚ, ਦਿੱਲੀ-ਐਨਸੀਆਰ ਨੇ GRAP IV ਪਾਬੰਦੀਆਂ ਲਗਾਈਆਂ ਹਨ। ਮੰਗਲਵਾਰ ਸਵੇਰੇ 8 ਵਜੇ ਆਨੰਦ ਵਿਹਾਰ ਖੇਤਰ ਵਿੱਚ AQI 441 ਦਰਜ ਕੀਤਾ ਗਿਆ, ਜਦੋਂ ਕਿ ਸਵੇਰੇ 5 ਵਜੇ 432 ਦਰਜ ਕੀਤਾ ਗਿਆ।

AQI ਕਿੱਥੇ ਹੈ?

ਆਨੰਦ ਵਿਹਾਰ- 441

ਸੀਆਰਆਰਆਈ ਮਥੁਰਾ ਰੋਡ- 407

DTU-411

IGI-404

ITO-367

ਜੇਐਲਐਨ ਸਟੇਡੀਅਮ- 362

ਡੀਯੂ ਉੱਤਰੀ ਕੈਂਪਸ- 390

ਆਰ ਕੇ ਪੁਰਮ- 431

ਪੰਜਾਬੀ ਬਾਗ- 434

ਪ੍ਰਦੇਸ਼ ’ਚ ਵਧੇ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸੋਮਵਾਰ ਨੂੰ ਸਾਰੇ ਸੰਬੰਖਧਿਤ ਵਿਭਾਗਾਂ ਦੀ ਬੈਠਕ ਬੁਲਾਈ ਸੀ। ਉਨ੍ਹਾਂ ਨੇ ਦਫ਼ਤਰ ਨੇ ਇੱਕ ਸੰਖੇਪ ਬਿਆਨ ’ਚ ਕਿਹਾ ਕਿ ਇਹ ਬੈਠਕ GRAP-4 ਨੂੰ ਸਖਤੀ ਨਾਲ ਲਾਗੂ ਕਰਨ ਲਈ ਬੁਲਾਈ ਗਈ ਹੈ।

ਲਾਗੂ ਹੋਇਆ ਗ੍ਰੇਪ ਚੌਥਾ ਪੜਾਅ

CAQM ਨੇ ਐਤਵਾਰ ਨੂੰ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ IV ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਤਾਂ ਜੋ ਹਵਾ ਦੀ ਗੁਣਵੱਤਾ ਵਿੱਚ ਹੋਰ ਗਿਰਾਵਟ ਨੂੰ ਰੋਕਿਆ ਜਾ ਸਕੇ। ਗੁਣਵੱਤਾ ਕਮਿਸ਼ਨ ਨੇ ਕਿਹਾ ਕਿ ਪੜਾਅ I ਤੋਂ III ਦੇ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਤੋਂ ਇਲਾਵਾ ਪੜਾਅ IV ਲਾਗੂ ਕੀਤਾ ਜਾਵੇਗਾ।

8-ਪੁਆਇੰਟ ਐਕਸ਼ਨ ਪਲਾਨ ਦੇ ਅਨੁਸਾਰ, ਦਿੱਲੀ ਵਿੱਚ ਟਰੱਕ ਟਰੈਫਿਕ ਦੇ ਦਾਖਲੇ ‘ਤੇ ਪਾਬੰਦੀ ਹੋਵੇਗੀ (ਜ਼ਰੂਰੀ ਵਸਤੂਆਂ ਲੈ ਕੇ ਜਾਣ ਵਾਲੇ ਟਰੱਕਾਂ ਨੂੰ ਛੱਡ ਕੇ/ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਤੇ ਜ਼ਰੂਰੀ ਵਸਤੂਆਂ ਲੈ ਕੇ ਜਾਣ ਵਾਲੇ ਸਾਰੇ ਐੱਲਐੱਨਜੀ/ਸੀਐੱਨਜੀ/ਇਲੈਕਟ੍ਰਿਕ ਟਰੱਕਾਂ ਨੂੰ ਛੱਡ ਕੇ)। ਦਿੱਲੀ ਵਿੱਚ ਰਜਿਸਟਰਡ ਵਾਹਨਾਂ (MGVs) ਤੇ ਭਾਰੀ ਮਾਲ ਵਾਹਨਾਂ (HGVs) ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਾਹਨਾਂ ਨੂੰ ਛੱਡ ਕੇ ਦਿੱਲੀ ਵਿੱਚ ਚੱਲਣ ‘ਤੇ ਪਾਬੰਦੀ ਹੋਵੇਗੀ।

10ਵੀਂ ਤੇ 12ਵੀਂ ਨੂੰ ਛੱਡ ਕੇ ਸਾਰੀਆਂ ਜਮਾਤਾਂ 10ਤੱਕ ਬੰਦ

ਦਿੱਲੀ ਵਿੱਚ ਪੰਜਵੀਂ ਤੱਕ ਦੀਆਂ ਜਮਾਤਾਂ ਲਈ ਸਕੂਲ 10 ਨਵੰਬਰ ਤੱਕ ਬੰਦ ਰੱਖਣ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਹੁਣ ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ ਤੇ ਗਿਆਰਵੀਂ ਜਮਾਤਾਂ ਵੀ 10 ਨਵੰਬਰ ਤੱਕ ਬੰਦ ਰਹਿਣਗੀਆਂ। ਉਨ੍ਹਾਂ ਦੀ ਪੜ੍ਹਾਈ ਜਾਰੀ ਰੱਖਣ ਲਈ ਆਨਲਾਈਨ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਦੋਂ ਕਿ 10ਵੀਂ ਅਤੇ 12ਵੀਂ ਦੀਆਂ ਕਲਾਸਾਂ ਆਫਲਾਈਨ ਜਾਰੀ ਰਹਿਣਗੀਆਂ।

ਕੈਂਸਰ ਦਾ ਖਤਰਾ ਪੈਦਾ ਕਰਦਾ ਹੈ ਜ਼ਿਆਦਾ AQI

ਡਾਕਟਰਾਂ ਅਨੁਸਾਰ ਕਿਸੇ ਵੀ ਸਿਹਤਮੰਦ ਵਿਅਕਤੀ ਲਈ ਸਿਫਾਰਿਸ਼ ਕੀਤਾ ਗਿਆ ਏਕਿਊਆਈ 50 ਤੋਂ ਘੱਟ ਹੋਣਾ ਚਾਹੀਦਾ ਹੈ ਪਰ ਇਨ੍ਹਾਂ ਦਿਨਾਂ ‘ਚ ਏਕਿਊਆਈ 400 ਤੋਂ ਵੱਧ ਹੋ ਗਿਆ ਹੈ ਜੋ ਫੇਫੜਿਆਂ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਲੋਕਾਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ ਅਤੇ ਫੇਫੜਿਆਂ ਦੇ ਕੈਂਸਰ ਦਾ ਵੀ ਖਤਰਾ ਪੈਦਾ ਹੋ ਸਕਦਾ ਹੈ।