ਆਟੋ ਡੈਸਕ, ਨਵੀਂ ਦਿੱਲੀ : ਵੱਖ-ਵੱਖ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਨਾਲ ਸਬੰਧਤ 11,000 ਵਾਹਨਾਂ ਨੂੰ ਸਕ੍ਰੈਪ ਕਰਨ ਲਈ ਪਛਾਣਿਆ ਗਿਆ ਹੈ। ਇਹ ਵਾਹਨ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਜਿਵੇਂ ਕਿ ਬੀਐਸਐਫ, ਸੀਆਰਪੀਐਫ, ਸੀਆਈਐਸਐਫ, ਆਈਟੀਬੀਪੀ, ਐਸਐਸਬੀ, ਐਨਐਸਜੀ ਅਤੇ ਅਸਾਮ ਰਾਈਫਲਜ਼ ‘ਚ ਇਸਤੇਮਾਲ ਕੀਤੇ ਜਾਂਦੇ ਹਨ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਇਹ ਵਾਹਨ 15 ਸਾਲ ਤੋਂ ਵੱਧ ਪੁਰਾਣੇ ਹਨ। 15 ਸਾਲ ਪੁਰਾਣੇ ਵਾਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਨਵੇਂ ਵਾਹਨਾਂ ਨਾਲ ਬਦਲਿਆ ਜਾ ਸਕੇ। ਇਸ ਨਾਲ ਪ੍ਰਦੂਸ਼ਣ ‘ਤੇ ਵੀ ਰੋਕ ਲੱਗੇਗੀ ਅਤੇ ਸੁਰੱਖਿਆ ਬਲਾਂ ਕੋਲ ਅਡਵਾਂਸ ਅਤੇ ਨਵੇਂ ਵਾਹਨ ਹੋਣਗੇ।

ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਜਿਵੇਂ ਬੀਐਸਐਫ, ਸੀਆਰਪੀਐਫ, ਸੀਆਈਐਸਐਫ, ਆਈਟੀਬੀਪੀ, ਐਸਐਸਬੀ, ਐਨਐਸਜੀ ਤੇ ਅਸਾਮ ਰਾਈਫਲਜ਼ ਕੋਲ ਸੰਯੁਕਤ ਫਲੀਟ ਵਜੋਂ ਇਕ ਲੱਖ ਤੋਂ ਵੱਧ ਵਾਹਨ ਹਨ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ (MHA) ਨੇ ਸਾਰੀਆਂ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ (UT) ਪ੍ਰਸ਼ਾਸਨ ਨੂੰ ਰਾਜ ਪੁਲਿਸ ਸੰਗਠਨਾਂ ਵੱਲੋਂ ਵਰਤੇ ਜਾਂਦੇ ਪੁਰਾਣੇ ਸੰਚਾਲਨ ਵਾਹਨਾਂ ਨੂੰ ਪੜਾਅਵਾਰ ਖਤਮ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ।

ਕੀ ਹੈ vehicle Scrappage policy?

ਵ੍ਹੀਕਲ ਸਕ੍ਰੈਪੇਜ ਨੀਤੀ ਤਹਿਤ 15 ਸਾਲ ਤੋਂ ਪੁਰਾਣੇ ਸਰਕਾਰੀ ਤੇ ਵਪਾਰਕ ਵਾਹਨ ਅਤੇ 20 ਸਾਲ ਤੋਂ ਪੁਰਾਣੇ ਪ੍ਰਾਈਵੇਟ ਵਾਹਨ ਨਸ਼ਟ ਕਰ ਦਿੱਤੇ ਜਾਣਗੇ। ਇਸ ਤਹਿਤ ਪੁਰਾਣੇ ਵਾਹਨਾਂ ਨੂੰ ਮੁੜ ਰਜਿਸਟ੍ਰੇਸ਼ਨ ਤੋਂ ਪਹਿਲਾਂ ਫਿਟਨੈਸ ਟੈਸਟ ਪਾਸ ਕਰਨਾ ਹੋਵੇਗਾ ਤੇ ਨੀਤੀ ਅਨੁਸਾਰ 15 ਸਾਲ ਤੋਂ ਪੁਰਾਣੇ ਸਰਕਾਰੀ ਵਪਾਰਕ ਵਾਹਨ ਤੇ 20 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਸਭ ਤੋਂ ਪਹਿਲਾਂ 29 ਅਕਤੂਬਰ 2018 ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਚ 15 ਸਾਲ ਪੁਰਾਣੇ ਪੈਟਰੋਲ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੇ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਸੀ।