ਸਿਡਨੀ (ਏਪੀ) : ਡੇਵਿਡ ਵਾਰਨਰ ਨੂੰ ਪਾਕਿਸਤਾਨ ਦੇ ਵਿਰੁੱਧ ਤਿੰਨ ਟੈਸਟ ਮੈਚ ਦੀ ਸੀਰੀਜ਼ ਦੇ ਪਹਿਲੇ ਮੈਚ ਲਈ ਆਸਟ੍ਰੇਲੀਆ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਜਿਸ ਨਾਲ ਉਸ ਨੂੰ ਸਿਡਨੀ ਕ੍ਰਿਕਟ ਗਰਾਊਂਡ (ਐੱਸਸੀਜੀ) ਵਿਚ ਸੰਭਾਵਿਤ ਵਿਦਾਈ ਦਾ ਮੌਕਾ ਮਿਲ ਸਕਦਾ ਹੈ। ਇਹ ਟੀਮ ਹਾਲਾਂਕਿ ਪਰਥ ਵਿਚ 14 ਤੋਂ 19 ਦਸੰਬਰ ਤੱਕ ਹੋਣ ਵਾਲੇ ਪਹਿਲੇ ਟੈਸਟ ਲਈ ਹੀ ਹੈ। ਜੇਕਰ ਉਹ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮਸੀਜੀ) ’ਤੇ ਹੋਣ ਵਾਲੇ ਬਾਕਸਿੰਗ ਡੇ ਟੈਸਟ ਲਈ ਟੀਮ ਵਿਚ ਜਗ੍ਹਾ ਬਰਕਰਾਰ ਰੱਖਦੇ ਹਨ ਤਾਂ ਫਿਰ ਉਸ ਨੂੰ ਤਿੰਨ ਤੋਂ ਸੱਤ ਜਨਵਰੀ ਤੱਕ ਆਪਣੇ ਘਰੇਲੂ ਮੈਦਾਨ ਐੱਸਸੀਜੀ ਵਿਚ ਹੋਣ ਵਾਲੇ ਤੀਜੇ ਤੇ ਆਖਰੀ ਟੈਸਟ ਵਿਚ ਸ਼ਾਨਦਾਰ ਵਿਦਾਈ ਦਾ ਮੌਕਾ ਮਿਲ ਸਕਦਾ ਹੈ। ਵਾਰਨਰ ਦਾ ਹਾਲ ਹੀ ਵਿਚ ਟੈਸਟ ਕ੍ਰਿਕਟ ਵਿਚ ਲੈਅ ਵਿਭਿੰਨ ਰਿਹਾ ਹੈ ਤੇ 2019 ਵਿਚ ਐਡੀਲੇਡ ਵਿਚ ਪਾਕਿਸਤਾਨ ਦੇ ਵਿਰੁੱਧ ਤਿਹਰਾ ਸੈਂਕੜਾ ਜੜਨ ਤੋਂ ਉਸ ਦਾ ਔਸਤ 28 ਦਾ ਰਿਹਾ ਹੈ। ਉਸਨੇ ਸੀਮਤ ਓਵਰਾਂ ਦੇ ਫਾਰਮੈਟ ਵਿਚ ਖੇਡਣਾ ਜਾਰੀ ਰੱਖਣ ਅਤੇ ਸਿਡਨੀ ਵਿਚ ਆਪਣੇ ਟੈਸਟ ਕਰੀਅਰ ਨੂੰ ਅਲਵਿਦਾ ਕਹਿਣ ਦੀ ਆਪਣੀ ਇੱਛਾ ਸਪੱਸ਼ਟ ਕਰ ਦਿੱਤੀ ਹੈ। ਵਾਰਨਰ ਪਹਿਲੇ ਟੈਸਟ ’ਚ ਉਸਮਾਨ ਖਵਾਜਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰੇਗਾ ਜਦਕਿ ਸਲਾਮੀ ਬੱਲੇਬਾਜ਼ ਕੈਮਰਨ ਬੈਨਕ੍ਰਾਫਟ, ਮੈਟ ਰੇਨਸ਼ਾ ਅਤੇ ਮਾਰਕਸ ਹੈਰਿਸ ਕੋਲ ਪ੍ਰਧਾਨ ਮੰਤਰੀ ਇਲੈਵਨ ਲਈ ਖੇਡ ਕੇ ਟੀਮ ’ਚ ਜਗ੍ਹਾ ਲਈ ਆਪਣਾ ਦਾਅਵਾ ਮਜ਼ਬੂਤ ਕਰਨ ਦਾ ਮੌਕਾ ਹੋਵੇਗਾ। ਪ੍ਰਧਾਨ ਮੰਤਰੀ ਇਲੈਵਨ ਦੀ ਟੀਮ 6 ਤੋਂ 9 ਦਸੰਬਰ ਤੱਕ ਕੈਨਬਰਾ ਵਿੱਚ ਪਾਕਿਸਤਾਨ ਦੇ ਖਿਲਾਫ ਖੇਡੇਗੀ।
ਜੇਕਰ ਕੋਈ ਕ੍ਰਿਕਟਰ ਕਮਿੰਸ ਤੋਂ ਪ੍ਰੇਰਨਾ ਨਹੀਂ ਲੈਂਦਾ ਤਾਂ ਉਹ ਗਲਤ ਖੇਡ ’ਚ ਹੈ: ਚੈਪਲ
ਸਿਡਨੀ (ਏਪੀ)-ਆਸਟ੍ਰੇਲੀਆ ਦੇ ਮਹਾਨ ਕਪਤਾਨਾਂ ’ਚੋਂ ਇਕ ਇਆਨ ਚੈਪਲ ਦਾ ਕਹਿਣਾ ਹੈ ਕਿ ਪੈਟ ਕਮਿੰਸ ਦੀ ਪ੍ਰੇਰਣਾਦਾਇਕ ਕਪਤਾਨੀ, ਸ਼ਾਨਦਾਰ ਹੁਨਰ ਅਤੇ ਮੈਦਾਨ ’ਤੇ ਅਤੇ ਬਾਹਰ ਦਾ ਆਚਰਣ ਉਸ ਦੇ ਸਾਥੀਆਂ ਨੂੰ ਪ੍ਰੇਰਿਤ ਨਹੀਂ ਕਰਦਾ ਹੈ ਉਹ ਗਲਤ ਖੇਡ ਵਿਚ ਹਨ। ਛੇ ਮਹੀਨਿਆਂ ਦੌਰਾਨ, ਇੰਗਲੈਂਡ ਨੇ ਏਸ਼ੇਜ਼ ਖਿਤਾਬ ਬਰਕਰਾਰ ਰੱਖਿਆ, ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤੀ ਅਤੇ ਭਾਰਤ ਵਿਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ। ਚੈਪਲ ਨੇ ਕਿਹਾ ਕਿ ਜੇਕਰ ਕੋਈ ਕ੍ਰਿਕਟਰ ਕਮਿੰਸ ਤੋਂ ਪ੍ਰੇਰਨਾ ਨਹੀਂ ਲੈ ਸਕਦਾ ਹੈ, ਤਾਂ ਉਹ ਗਲਤ ਖੇਡ ’ਚ ਹੈ। ਕਮਿੰਸ ਹਮੇਸ਼ਾ ਇੱਕ ਚੰਗਾ ਕਪਤਾਨ ਹੋਵੇਗਾ। ਜੇਕਰ ਅਸੀਂ ਇਕ ਤੇਜ਼ ਗੇਂਦਬਾਜ਼ ਦੇ ਤੌਰ ’ਤੇ ਕਪਤਾਨ ਦੇ ਤੌਰ ’ਤੇ ਉਸ ਨੂੰ ਦਰਪੇਸ਼ ਮੁਸ਼ਕਲਾਂ ਨੂੰ ਕੁਝ ਸਮੇਂ ਲਈ ਨਜ਼ਰਅੰਦਾਜ਼ ਕਰੀਏ ਤਾਂ ਉਹ ਆਸਟ੍ਰੇਲੀਆਈ ਟੀਮ ਦਾ ਸਭ ਤੋਂ ਪ੍ਰੇਰਨਾਦਾਇਕ ਖਿਡਾਰੀ ਹੈ ਜੋ ਕ੍ਰਿਕਟ ਨੂੰ ਸਮਝਦਾ ਹੈ। ਉਸ ਨੇ ਕਿਹਾ ਕਿ ਕਮਿੰਸ ਅਤੇ ਉਸ ਦੀ ਟੀਮ ਨੂੰ ਖੇਡਦੇ ਹੋਏ ਦੇਖਣਾ ਚੰਗਾ ਹੈ। ਕਮਿੰਸ ਦੀ ਟੀਮ ਬਹੁਤ ਹਮਲਾਵਰ ਦੱਸੀ ਜਾਂਦੀ ਹੈ ਪਰ ਇਸ ਦਾ ਕੋਈ ਮਾੜਾ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ। ਮੈਂ ਉਸਨੂੰ ਮਾਰਕ ਵਾ ਅਤੇ ਅਨਿਲ ਕੁੰਬਲੇ ਦੀ ਸ਼੍ਰੇਣੀ ਵਿੱਚ ਪਾਵਾਂਗਾ ਜੋ ਬਹੁਤ ਮੁਕਾਬਲੇਬਾਜ਼ ਸਨ।
ਸਮਾਂ ਬਚਾਉਣ ਲਈ ਆਪਣਾ ਸਾਮਾਨ ਖੁਦ ਚੁੱਕਿਆ: ਅਫਰੀਦੀ
ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਅਤੇ ਟੀ-20 ਟੀਮ ਦੇ ਕਪਤਾਨ ਸ਼ਾਹੀਨ ਅਫਰੀਦੀ ਦਾ ਕਹਿਣਾ ਹੈ ਕਿ ਉਸ ਦੇ ਸਾਥੀਆਂ ਨੇ ਆਸਟ੍ਰੇਲੀਆ ਵਿਚ ਸਮਾਂ ਬਚਾਉਣ ਲਈ ਆਪਣਾ ਸਾਮਾਨ ਖੁਦ ਚੁੱਕ ਲਿਆ ਸੀ। ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਵਿਆਪਕ ਤੌਰ ’ਤੇ ਪ੍ਰਸਾਰਿਤ ਕੀਤੀ ਗਈ ਸੀ ਜਿਸ ਵਿਚ ਪਾਕਿਸਤਾਨੀ ਖਿਡਾਰੀਆਂ, ਜੋ ਕਿ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਆਏ ਸਨ, ਨੂੰ ਹਵਾਈ ਅੱਡੇ ’ਤੇ ਸਵੈ-ਇੱਛਾ ਨਾਲ ਆਪਣਾ ਸਾਮਾਨ ਇਕ ਟਰੱਕ ਵਿਚ ਲੱਦਣਾ ਪਿਆ ਸੀ। ਇਸ ’ਤੇ ਅਫਰੀਦੀ ਨੇ ਕਿਹਾ ਕਿ ਸਾਡੇ ਕੋਲ ਅਗਲੀ ਫਲਾਈਟ ਫੜਨ ਲਈ 30 ਮਿੰਟ ਸਨ ਅਤੇ ਅਸੀਂ ਆਪਣਾ ਸਾਮਾਨ ਖੁਦ ਚੁੱਕਿਆ ਕਿਉਂਕਿ ਉੱਥੇ ਸਿਰਫ ਦੋ ਲੋਕ ਸਨ। ਅਸੀਂ ਜਲਦੀ ਤੋਂ ਜਲਦੀ ਸਾਮਾਨ ਚੁੱਕਣਾ ਚਾਹੁੰਦੇ ਸੀ ਤਾਂ ਜੋ ਸਮਾਂ ਬਚਾਇਆ ਜਾ ਸਕੇ।


