ਪੀਟੀਆਈ, ਨਵੀਂ ਦਿੱਲੀ : ਦੇਸ਼ ‘ਚ ਇਕ ਵਾਰ ਫਿਰ ਕੋਵਿਡ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਹਨ। ਦਰਅਸਲ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਵਿਡ ਦੇ 609 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦੋਂਕਿ ਲਾਗ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 3,368 ਹੋ ਗਈ ਹੈ। ਸਵੇਰੇ 8 ਵਜੇ ਅਪਡੇਟ ਕੀਤੇ ਗਏ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਲਾਗ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿਚ ਕੇਰਲ ਦੇ ਦੋ ਅਤੇ ਕਰਨਾਟਕ ਦਾ ਇਕ ਮਾਮਲੇ ਸ਼ਾਮਿਲ ਹੈ।

ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸਖ਼ਤ ਨਿਗਰਾਨੀ

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 31 ਦਸੰਬਰ, 2023 ਨੂੰ 5 ਦਸੰਬਰ ਤੋਂ ਬਾਅਦ 841 ਨਵੇਂ ਮਾਮਲੇ ਸਾਹਮਣੇ ਆਏ, ਜੋ ਮਈ 2021 ਵਿਚ ਦਰਜ ਕੀਤੇ ਗਏ ਸਿਖਰ ਦੇ ਮਾਮਲਿਆਂ ਦਾ 0.2 ਫ਼ੀਸਦੀ ਹੈ। ਕੁੱਲ ਸਰਗਰਮ ਕੇਸਾਂ ਵਿੱਚੋਂ ਜ਼ਿਆਦਾਤਰ ਹੋਮ ਕੁਆਰੰਟੀਨ ਵਿਚ ਠੀਕ ਹੋ ਰਹੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਵਧਦੇ ਮਾਮਲਿਆਂ ਦੇ ਰੁਝਾਨ ਦਾ ਛੇਤੀ ਪਤਾ ਲਗਾਉਣ ਲਈ ਸਾਰੀਆਂ ਸਿਹਤ ਸਹੂਲਤਾਂ ਵਿਚ ਇਨਫਲੂਐਂਜ਼ਾ ਵਰਗੀ ਬਿਮਾਰੀ ਅਤੇ ਸਾਹ ਦੀ ਗੰਭੀਰ ਬਿਮਾਰੀ ਦੇ ਜ਼ਿਲ੍ਹਾਵਾਰ ਮਾਮਲਿਆਂ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰਨ ਅਤੇ ਰਿਪੋਰਟ ਕਰਨ।ਸੂਤਰਾਂ ਨੇ ਕਿਹਾ, ‘ਮੌਜੂਦਾ ਉਪਲੱਬਧ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੇਐਨ.1 ਸਬ-ਵੇਰੀਐਂਟ ਕਾਰਨ ਮਾਮਲਿਆਂ ਅਤੇ ਮੌਤ ਦਰ ਵਿੱਚ ਕੁਝ ਵਾਧਾ ਹੋਇਆ ਹੈ।’

220 ਕਰੋੜ ਵੈਕਸੀਨ ਦੀ ਖੁਰਾਕ ਪੂਰੀ

2020 ਦੇ ਸ਼ੁਰੂ ਵਿਚ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਦੇਸ਼ ਭਰ ਵਿਚ 45 ਮਿਲੀਅਨ ਤੋਂ ਵੱਧ ਲੋਕ ਸੰਕ੍ਰਮਿਤ ਹੋਏ ਹਨ ਅਤੇ 5.3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੈ, ਜਿਸ ਦੀ ਰਾਸ਼ਟਰੀ ਰਿਕਵਰੀ ਦਰ 98.81 ਪ੍ਰਤੀਸ਼ਤ ਹੈ। ਵੈੱਬਸਾਈਟ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.67 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।