ਪੀਟੀਆਈ, ਨਵੀਂ ਦਿੱਲੀ : ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 614 ਨਵੇਂ ਮਾਮਲੇ ਸਾਹਮਣੇ ਆਏ ਹਨ।

ਦੇਸ਼ ‘ਚ ਵਧੇ ਕੋਰੋਨਾ ਦੇ ਮਾਮਲੇ

ਨਿਊਜ਼ ਏਜੰਸੀ ਪੀਟੀਆਈ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 614 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 21 ਮਈ ਤੋਂ ਬਾਅਦ ਮਿਲੇ ਸਭ ਤੋਂ ਵੱਧ ਕੇਸ ਹਨ। ਇਸ ਨਾਲ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 2,311 ਹੋ ਗਈ ਹੈ।

ਕੇਰਲ ‘ਚ ਤਿੰਨ ਲੋਕਾਂ ਦੀ ਮੌਤ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੇਰਲ ਵਿਚ ਪਿਛਲੇ 24 ਘੰਟਿਆਂ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਲੱਖ 33 ਹਜ਼ਾਰ 321 ਹੋ ਗਈ ਹੈ।

220.67 ਕਰੋੜ ਲੋਕਾਂ ਨੂੰ ਦਿੱਤੀ ਗਈ ਵੈਕਸੀਨ

ਇਸ ਤੋਂ ਇਲਾਵਾ ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 4.50 ਕਰੋੜ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿਚ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,44,70,346 ਹੋ ਗਈ ਹੈ ਅਤੇ ਰਾਸ਼ਟਰੀ ਰਿਕਵਰੀ ਦਰ 98.81 ਫ਼ੀਸਦੀ ਹੈ, ਜਦੋਂਕਿ ਕੇਸਾਂ ਦੀ ਮੌਤ ਦਰ 1.19 ਪ੍ਰਤੀਸ਼ਤ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਹੁਣ ਤੱਕ 220.67 ਕਰੋੜ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ।