ਨਵੀਂ ਦਿੱਲੀ : ਦੇਸ਼ ’ਚ ਜੇਐੱਨ.1 ਵੇਰੀਐਂਟ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਵੇਰੀਐਂਟ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਕੇ 109 ਹੋ ਗਈ ਹੈ। ਅਧਿਕਾਰੀਆਂ ਨੇ ਕਿਹਾਕਿ ਗੁਜਰਾਤ ’ਚ ਹੁਣ ਤੱਕ 36, ਕਰਨਾਟਕ ’ਚ 34, ਗੋਆ ’ਚ 14, ਮਹਾਰਾਸ਼ਟਰ ’ਚ ਨੌਂ, ਕੇਰਲ ’ਚ ਛੇ, ਰਾਜਸਥਾਨ ਤੇ ਤਾਮਿਲਨਾਡੂ ’ਚ ਚਾਰ-ਚਾਰ ਤੇ ਤੇਲੰਗਾਨਾ ’ਚ ਦੋ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਮਰੀਜ਼ ਆਪਣੇ ਘਰ ਆਈਸੋਲੇਸ਼ਨ ’ਚ ਰਹਿ ਕੇ ਇਲਾਜ ਕਰਵਾ ਰਹੇ ਹਨ। ਭਾਰਤ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 4,093 ਹੋ ਗਈ। ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਕੋਰੋਨਾ ਨਾਲ ਤਿੰਨ ਮੌਤਾਂ ਹੋਈਆਂ ਹਨ। ਇਨ੍ਹਾਂ ’ਚ ਕਰਨਾਟਕ ’ਚ ਦੋ ਤੇ ਗੁਜਰਾਤ ’ਚ ਇਕ ਮਰੀਜ਼ ਦੀ ਮੌਤ ਹੋਈ ਹੈ। ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਕਿਹਾ ਕਿ ਕਿ ਸੂਬਾ ਸਰਕਾਰ ਚੰਗੀ ਤਰ੍ਹਾਂ ਤਿਆਰ ਹੈ ਤੇ ਕੁਝ ਵੀ ਚਿੰਤਾਜਨਕ ਨਹੀਂ ਹੈ।