ਹਰਜੀਤ ਗਿੱਲ,ਵਿੰਨੀਪੈਗ (ਕੈਨੇਡਾ) : ਕੈਨੇਡਾ ਦੇ ਸ਼ਹਿਰ ਵਿੰਨੀਪੈਗ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।

ਜਾਣਕਾਰੀ ਅਨੁਸਾਰ ਇਸ ਮੌਕੇ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪੰਰਤ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਦੇ ਜੱਥੇ ਨੇ ਕੀਰਤਨ ਰਾਹੀਂ ਗੁਰੂ ਦੀਆਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਤੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ।

ਗੁਰੂ ਘਰ ਦੇ ਪ੍ਰਧਾਨ ਗੁਰਪਾਲ ਸਿੰਘ ਭੁੱਲਰ ਨੇ ਗੁਰੂ ਘਰ ਪਹੁੰਚੀਆਂ ਸੰਗਤਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਬੇਨਤੀ ਗੀਤੀ ਤੇ ਸੰਗਤਾਂ ਨੂੰ ਕਿਰਤ ਕਰਨੀ, ਵੰਡ ਛਕਣਾ, ਸਰਬੱਤ ਦਾ ਭਲਾ ਤੇ ਗੁਰੂ ਦੇ ਭਾਣੇ ਨੂੰ ਮੰਨਣ ਦੀ ਪ੍ਰੇਰਨਾ ਦਿੱਤੀ। ਬਹੁਤੀ ਠੰਢ ਹੋਣ ਦੇ ਬਾਵਜੂਦ ਗੁਰੂ ਦੇ ਪਿਆਰੇ ਆਪਣੇ ਪਰਿਵਾਰਾਂ ਸਮੇਤ ਗੁਰੂ ਘਰ ਆਏ ਤੇ ਇੱਕ-ਦੂਜੇ ਨੂੰ ਵਧਾਈ ਦੇ ਰਹੇ ਸਨ। ਗੁਰੂ ਘਰ ਦੇ ਦਰਬਾਰ ਸਾਹਿਬ ਦੀ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਸੀ।

ਗੁਰੂ ਦੀਆਂ ਸੰਗਤਾਂ ਵੱਲੋਂ ਵੀ ਗੁਰੂ ਘਰ ‘ਚ ਦੀਵਿਆਂ ਨਾਲ ਦੀਪਮਾਲਾ ਕੀਤੀ ਗਈ। ਇਸ ਮੌਕੇ ਗੁਰੂ ਦਾ ਲੰਗਰ ਵੀ ਵਰਤਾਇਆ ਗਿਆ। ਸੰਗਤ ਬਹੁਤ ਜ਼ਿਆਦਾ ਹੋਣ ਕਰਕੇ, ਮੱਥਾ ਟੇਕਣ ਤੇ ਲੰਗਰ ਛੱਕਣ ਲਈ ਲੰਬੀਆਂ ਲਾਈਨਾਂ ਦੇਖੀਆਂ ਗਈਆਂ ਤੇ ਸੰਗਤਾਂ ਵੱਲੋਂ ਵੀ ਬਹੁਤ ਸਬਰ-ਸੰਤੋਖ, ਸ਼ਾਂਤੀ ਨਾਲ ਮੱਥਾ ਟੇਕਿਆ ਤੇ ਲੰਗਰ ਛੱਕਿਆ। ਇਸ ਸਮੇਂ ਸ਼ਹਿਰ ਦੀਆਂ ਹੋਰ ਬੁੱਧੀਜੀਵੀ ਸ਼ਖ਼ਸੀਅਤਾਂ, ਜਥੇਬੰਦੀਆਂ, ਸੇਵਾਦਾਰਾਂ ਨੇ ਗੁਰੂ ਘਰ ‘ਚ ਹਾਜ਼ਰੀ ਲਵਾਈ।