ਹਰਜੀਤ ਗਿੱਲ, ਵਿਨੀਪੈਗ (ਕੈਨੇਡਾ) : ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵੱਖ-ਵੱਖ ਗੁਰੂਘਰਾਂ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਉਨ੍ਹਾਂ ਵੱਲੋਂ ਕੀਤੀ ਗਈ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਵੱਖ-ਵੱਖ ਗੁਰੂਘਰਾਂ ‘ਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ।

ਗੁਰਦੁਆਰਾ ਸਾਊਥ ਸਿੱਖ ਸੈਂਟਰਲ ਤੇ ਗੁਰਦੁਆਰਾ ਕਲਗੀਧਰ ਦਰਬਾਰ ‘ਚ ਸਭ ਤੋਂ ਪਹਿਲਾਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਗੁਰੂਘਰ ਕਲਗੀਧਰ ਦਰਬਾਰ ‘ਚ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਵੱਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਇਸੇ ਤਰ੍ਹਾਂ ਗੁਰਦੁਆਰਾ ਸਾਊਥ ਸਿੱਖ ਸੈਂਟਰਲ ‘ਚ ਸਰਗਮ ਮਿਊਜ਼ਿਕ ਅਕੈਡਮੀ ਦੇ ਭਾਈ ਨਰਿੰਦਰ ਸਿੰਘ ਤੇ ਉਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰੂ ਘਰ ਦੇ ਸੇਵਾਦਾਰ ਭਾਈ ਹਰਜਿੰਦਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦੇਸ਼, ਕੌਮ ਅਤੇ ਧਰਮ ਦੀ ਰੱਖਿਆ ਕਰਨ ਲਈ ਕੀਤੀਆਂ ਗਈਆਂ ਕੁਰਬਾਨੀਆਂ ਤੇ ਸ਼ਹਾਦਤਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ।

ਇਸੇ ਤਰ੍ਹਾਂ ਕਲਗੀਧਰ ਦਰਬਾਰ ਦੇ ਗੁਰੂਘਰ ਦੇ ਪ੍ਰੇਮੀਆਂ ਵੱਲੋਂ ਆਪਣੀ ਕਿਰਤ ਕਮਾਈ ‘ਚੋਂ ਗਰਮ ਕੱਪੜੇ ਜਿਵੇਂ ਕੰਬਲ ਆਦਿ ਦੀ ਸੇਵਾ ਕੀਤੀ ਗਈ। ਉਹ ਸਾਰੇ ਬਸਤਰ ਗੁਰੂਘਰ ਵੱਲੋਂ ਖ਼ਾਲਸਾ ਏਡ ਪ੍ਰਬੰਧਕਾਂ ਨੂੰ ਸੇਵਾ ਸੌਂਪ ਦਿੱਤੇ। ਖ਼ਾਲਸਾ ਏਡ ਦੇ ਪ੍ਰਬੰਧਕਾਂ ਨੇ ਦੱਸਿਆ ਗਿਆ ਕਿ ਇਹ ਸਾਰੀ ਸੇਵਾ ਖ਼ਾਲਸਾ ਏਡ ਦਫ਼ਤਰ ‘ਚ ਜਮ੍ਹਾ ਕਰ ਦਿੱਤੀ ਜਾਂਦੀ ਹੈ ਅਤੇ ਬਾਅਦ ਵਿੱਚ ਸਲਾਹ-ਮਸ਼ਵਰਾ ਕਰ ਕੇ ਇਹ ਸੇਵਾ ਲੋੜਵੰਦ ਪਰਿਵਾਰਾਂ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਖ਼ਾਲਸਾ ਏਡ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੀ ਅਪੀਲ ਕੀਤੀ।

ਗੁਰੂਘਰਾਂ ‘ਚ ਸੰਗਤਾਂ ਦੀ ਬਹੁਤ ਆਮਦ ਸੀ ਪਰ ਦਸਮ ਪਿਤਾ ਜੀ ਦੇ ਪਰਿਵਾਰ ਦੀਆਂ ਧਰਮ ਪ੍ਰਤੀ ਕੁਰਬਾਨੀਆਂ ਤੇ ਸ਼ਹਾਦਤ ਨੂੰ ਲੈ ਕੇ ਸੰਗਤਾਂ ਦੇ ਚਿਹਰੇ ਵੈਰਾਗਮਈ ਸਨ। ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਜੋ ਸੰਗਤਾਂ ਨੇ ਬੜੀ ਨਿਮਰਤਾ ਨਾਲ ਛਕਿਆ।