ਜਾਗਰਣ ਸੰਵਾਦਦਾਤਾ, ਰਾਮਪੁਰ : ਬਹੁ-ਚਰਚਿਤ ਫਰਜ਼ੀ ਜਨਮ ਸਰਟੀਫਿਕੇਟ ਮਾਮਲੇ ‘ਚ ਰਾਮਪੁਰ (MP-MLA) ਦੀ ਅਦਾਲਤ ਨੇ ਬੁੱਧਵਾਰ ਨੂੰ ਇਤਿਹਾਸਕ ਹੁਕਮ ਦਿੰਦੇ ਹੋਏ ਆਜ਼ਮ ਖਾਨ, ਉਸ ਦੀ ਪਤਨੀ ਤਨਜ਼ੀਮ ਫਾਤਿਮਾ ਤੇ ਬੇਟੇ ਅਬਦੁੱਲਾ ਆਜ਼ਮ ਨੂੰ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਤਿੰਨਾਂ ਨੂੰ ਅੱਜ ਹੀ ਅਦਾਲਤ ਤੋਂ ਸਿੱਧੇ ਜੇਲ੍ਹ ਭੇਜ ਦਿੱਤਾ ਜਾਵੇਗਾ।
ਇਸ ਮਾਮਲੇ ‘ਚ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਆਜ਼ਮ ਖਾਨ, ਪਤਨੀ ਤਨਜ਼ੀਮ ਤੇ ਬੇਟੇ ਅਬਦੁੱਲਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਾਈ ਪ੍ਰੋਫਾਈਲ ਕੇਸ ਹੋਣ ਕਾਰਨ ਅਦਾਲਤ ‘ਚ ਸਵੇਰ ਤੋਂ ਹੀ ਪੁਲਿਸ ਦਾ ਸਖ਼ਤ ਪਹਿਰਾ ਸੀ। ਦੱਸ ਦੇਈਏ ਕਿ ਭਾਜਪਾ ਵਿਧਾਇਕ ਆਕਾਸ਼ ਸਕਸੈਨਾ ਨੇ ਆਜ਼ਮ ਖਾਨ, ਉਸ ਦੀ ਪਤਨੀ ਅਤੇ ਬੇਟੇ ਅਬਦੁੱਲਾ ਖਿਲਾਫ ਗੰਜ ਥਾਣੇ ‘ਚ ਐੱਫਆਈਆਰ ਦਰਜ ਕਰਵਾਈ ਸੀ।
ਇਹ ਹੈ ਮਾਮਲਾ
ਭਾਜਪਾ ਵਿਧਾਇਕ ਆਕਾਸ਼ ਸਕਸੈਨਾ ਵੱਲੋਂ ਆਜ਼ਮ ਖ਼ਾਨ ਦੇ ਪਰਿਵਾਰ ਖ਼ਿਲਾਫ਼ ਦੋ ਜਨਮ ਸਰਟੀਫਿਕੇਟਾਂ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ ਸੀ ਕਿ ਆਜ਼ਮ ਖਾਨ ਨੇ ਆਪਣੇ ਬੇਟੇ ਦੇ ਦੋ ਜਨਮ ਸਰਟੀਫਿਕੇਟ ਵੱਖ-ਵੱਖ ਜਨਮ ਮਿਤੀਆਂ ਨਾਲ ਬਣਾਏ ਸਨ। ਇਸ ਵਿਚ ਇਕ ਜਨਮ ਸਰਟੀਫਿਕੇਟ ਰਾਮਪੁਰ ਨਗਰਪਾਲਿਕਾ ਤੋਂ ਬਣਾਇਆ ਗਿਆ ਹੈ, ਜਦੋਂਕਿ ਦੂਜਾ ਲਖਨਊ ਤੋਂ ਬਣਾਇਆ ਗਿਆ ਹੈ। ਇਸ ਮਾਮਲੇ ‘ਚ ਆਜ਼ਮ ਖਾਨ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਅਬਦੁੱਲਾ ਅਤੇ ਪਤਨੀ ਸਾਬਕਾ ਸੰਸਦ ਮੈਂਬਰ ਤਨਜ਼ਿਮ ਫਾਤਿਮਾ ਦਾ ਨਾਂ ਵੀ ਹੈ।



