ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅਯੁੱਧਿਆ ’ਚ ਨਵੇਂ ਬਣੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ਦਾ ਦਰਜਾ ਦੇ ਦਿੱਤਾ ਹੈ। ਇਸ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਤਜਵੀਜ਼ ਨੂੰ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ’ਚ ਮਨਜ਼ੂਰੀ ਦਿੱਤੀ ਗਈ। ਇਸ ਦਾ ਨਾਂ ਮਹਾਰਿਸ਼ੀ ਵਾਲਮੀਕਿ ਇੰਟਰਨੈਸ਼ਨਲ ਏਅਰਪੋਰਟ, ਅਯੁੱਧਿਆਧਾਮ ਰੱਖਿਆ ਗਿਆ ਹੈ। ਇਸ ਫ਼ੈਸਲੇ ਨਾਲ ਅਯੁੱਧਿਆ ਨੂੰ ਕੌਮਾਂਤਰੀ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦਾ ਕੰਮ ਤੇਜ਼ ਹੋਵੇਗਾ ਤੇ ਇਸ ਸ਼ਹਿਰ ਦੇ ਪੂਰੇ ਅਰਥਚਾਰੇ ਨੂੰ ਮਜ਼ਬੂਤ ਬਣਾਉਣ ’ਚ ਵੀ ਮਦਦ ਮਿਲੇਗੀ।

ਅਯੁੱਧਿਆ ਦੇ ਨਵੇਂ ਹਵਾਈ ਅੱਡੇ ਦਾ ਉਦਘਾਟਨ 30 ਦਸੰਬਰ 2023 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸ਼ਾਨਦਾਰ ਸਮਾਗਮ ’ਚ ਕੀਤਾ ਸੀ। ਇਸ ਸ਼ਹਿਰ ’ਚ ਰਾਮ ਮੰਦਰ ਦਾ ਨਿਰਮਾਣ ਜਾਰੀ ਹੈ ਜਿਸ ਦਾ ਉਦਘਾਟਨ 22 ਜਨਵਰੀ 2024 ਨੂੰ ਪ੍ਰਧਾਨ ਮੰਤਰੀ ਮੋਦੀ ਕਰਨ ਵਾਲੇ ਹਨ। ਉਸ ਤੋਂ ਪਹਿਲਾਂ ਸਰਕਾਰ ਦੇ ਇਸ ਫ਼ੈਸਲੇ ਨੂੰ ਅਯੁੱਧਿਆ ਨੂੰ ਵਿਦੇਸ਼ ’ਚ ਰਹਿਣ ਵਾਲੇ ਹਿੰਦੂਆਂ ਤੇ ਦੂਜੇ ਸੈਲਾਨੀਆਂ ਲਈ ਖੋਲ੍ਹਣ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਕੇਂਦਰ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਅਯੁੱਧਿਆ ਦਾ ਵਿਕਾਸ ਸਿਰਫ਼ ਇਕ ਧਾਰਮਿਕ ਨਗਰੀ ਵਜੋਂ ਨਹੀਂ ਬਲਕਿ ਭਾਰਤ ਦੇ ਨਵੇਂ ਸੈਲਾਨੀ ਸਥਾਨ ਵਜੋਂ ਕੀਤਾ ਜਾ ਰਿਹਾ ਹੈ। ਅਯੁੱਧਿਆ 85 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਵੀ ਲਾਗੂ ਕੀਤਾ ਜਾਣਾ ਹੈ।

ਅਯੁੱਧਿਆ ’ਚ ਜਿਸ ਹਵਾਈ ਅੱਡੇ ਦਾ ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਕੀਤਾ ਹੈ ਉਸ ਨੂੰ ਪੂਰੇ ਹਵਾਈ ਅੱਡੇ ਦਾ ਪ੍ਰਾਜੈਕਟ ਦਾ ਪਹਿਲਾ ਪੜਾਅ ਮੰਨਿਆ ਜਾ ਰਿਹਾ ਹੈ। ਇਸ ’ਤੇ ਕੁੱਲ 1,450 ਕਰੋੜ ਰੁਪਏ ਦੀ ਲਾਗਤ ਆਈ ਹੈ ਤੇ ਇੱਥੇ ਇਕ ਸਾਲ ’ਚ ਇਕ ਲੱਖ ਯਾਤਰੀਆਂ ਨੂੰ ਸੇਵਾਵਾਂ ਦੇਣ ਦੀ ਸਮਰੱਥਾ ਹੈ। ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ) ਨੇ ਸਿਰਫ਼ 20 ਮਹੀਨਿਆਂ ਦੇ ਰਿਕਾਰਡ ਸਮੇਂ ’ਚ ਇਸ ਗਰੀਨ ਫੀਲਡ ਏਅਰਪੋਰਟ ਦਾ ਨਿਰਮਾਣ ਕੀਤਾ ਹੈ। ਏਏਆਈ ਦਾ ਕਹਿਣਾ ਹੈ ਕਿ ਅਜੇ ਅਯੁੱਧਿਆ ਸਥਿਤ ਇਸ ਏਅਰਪੋਰਟ ਦਾ ਭਵਨ ਛੋਟਾ ਹੈ ਪਰ ਇਸ ਦਾ ਭਵਿੱਖ ’ਚ ਵਿਸਥਾਰ ਕੀਤਾ ਜਾਵੇਗਾ। ਸਰਕਾਰ ਦੀ ਯੋਜਨਾ ਇਸ ਦਾ ਵਿਸਥਾਰ ਕਰਕੇ ਸਾਲਾਨਾ ਸਮਰੱਥਾ ਵਧਾ ਦੇ 60 ਲੱਖ ਯਾਤਰੀਆਂ ਦੀ ਕਰਨ ਦੀ ਹੈ। ਇਸ ਤਹਿਤ ਰਨਵੇ ਦੀ ਲੰਬਾਈ ਵੀ ਮੌਜੂਦਾ 2,200 ਮੀਟਰ ਤੋਂ ਵਧਾ ਕੇ 3,750 ਮੀਟਰ ਕਰ ਦਿੱਤੀ ਜਾਵੇਗੀ ਤਾਂ ਜੋ ਵੱਡੇ-ਵੱਡੇ ਯਾਤਰੀ ਜਹਾਜ਼ ਵੀ ਇੱਥੇ ਉੱਤਰ ਸਕਣ।

ਅਯੁੱਧਿਆ ਏਅਰਪੋਰਟ ਨੂੰ ਕੌਮਾਂਤਰੀ ਹਵਾਈ ਅੱਡਾ ਬਣਾਉਣ ਦੇ ਫ਼ੈਸਲੇ ਨਾਲ ਇਲਾਕੇ ਦਾ ਆਰਥਿਕ ਵਿਕਾਸ ਹੋਵੇਗਾ। ਵਿਦੇਸ਼ੀ ਤੀਰਥ ਯਾਤਰੀਆਂ ਤੇ ਸੈਲਾਨੀਆਂ ਦੇ ਆਉਣ ਨਾਲ ਆਲਮੀ ਤੀਰਥ ਸਥਾਨ ਦੇ ਰੂਪ ’ਚ ਅਯੁੱਧਿਆ ਦਾ ਮਹੱਤਵ ਵੀ ਵਧੇਗਾ।-ਜੋਤੀਰਾਦਿੱਤਿਆ ਸਿੰਧੀਆ, ਸ਼ਹਿਰੀ ਹਵਾਬਾਜ਼ੀ ਮੰਤਰੀ