ਏਆਈ ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਿੱਖਿਆ ਪ੍ਰਕਿਰਿਆ ਨੂੰ ਤੇਜ਼ੀ ਨਾਲ ਬਦਲਣ ਦੇ ਨਾਲ-ਨਾਲ ਸਿੱਖਣ ਦੇ ਅਨੁਭਵਾਂ ਨੂੰ ਵੀ ਬਿਹਤਰ ਬਣਾ ਰਹੀ ਹੈ। ਜੇ ਤੁਸੀਂ ਵਿਦਿਆਰਥੀ ਹੋ, ਕਿਸੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਜਾਂ ਤੁਸੀਂ ਅਧਿਆਪਕ ਹੋ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਤੁਹਾਡੀ ਪੜ੍ਹਾਈ ਤੇ ਸਿੱਖਣ ’ਚ ਮਦਦ ਕਰ ਸਕਦੀ ਹੈ। ਏਆਈ ਤੁਹਾਡੇ ਕੰਮ ਨੂੰ ਘੱਟ ਸਮੇਂ ’ਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਕੇ ਬਿਹਤਰੀਨ ਨਤੀਜੇ ਲਿਆਉਣ ’ਚ ਸਹਾਇਕ ਹੋ ਸਕਦੀ ਹੈ। ਬਦਲਦੇ ਦੌਰ ’ਚ ਏਆਈ ਵਿਦਿਆਰਥੀਆਂ ਦੇ ਔਖੇ ਸਵਾਲਾਂ ਦੇ ਜਵਾਬ ਦੇਣ ਵਰਗੇ ਕੰਮਾਂ ’ਚ ਵੀ ਮਦਦਗਾਰ ਸਿੱਧ ਹੋ ਰਹੀ ਹੈ।

ਵਰਚੁਅਲ ਰਿਐਲਿਟੀ

ਵਰਚੁਅਲ ਰਿਐਲਿਟੀ (ਵੀਆਰ) ਦੇ ਪ੍ਰਯੋਗ ਨਾਲ ਸਿੱਖਿਆ ਵਿਭਾਗ ਵੱਲੋਂ ਪੰਜਾਬ ’ਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਮੰਤਵ ਨਾਲ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਬਣਾ ਕੇ ਇੱਥੇ ਕਲਾਸਾਂ ਨੂੰ ਵੀ ਸਮਾਰਟ ਬਣਾਉਣ ਦੀ ਪ੍ਰਕਿਰਿਆ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਵਰਚੁਅਲ ਰਿਐਲਿਟੀ ਜਾਂ ਵੀਆਰ ਉਹ ਅਭਾਸੀ ਹਕੀਕਤ ਹੈ, ਜਿਸ ਨਾਲ ਮਨੁੱਖਾਂ ਤੇ ਕੰਪਿਊਟਰਾਂ ਵਿਚਕਾਰ ਆਪਸੀ ਤਾਲਮੇਲ ਬਣਾਇਆ ਜਾ ਸਕਦਾ ਹੈ, ਜਿਸ ’ਚ ਅਸਲੀ ਜਾਂ ਕਾਲਪਨਿਕ ਵਾਤਾਵਰਨ ਦੀ ਨਕਲ ਕੀਤੀ ਜਾਂਦੀ ਹੈ। ਉਪਭੋਗਤਾ ਉਸ ਸੰਸਾਰ ਨਾਲ ਗੱਲਬਾਤ ਕਰਦੇ ਹਨ ਤੇ ਇਸ ਨਾਲ ਹੇਰ-ਫੇਰ ਕਰਦੇ ਹਨ। ਵਿਦਿਆਰਥੀ ਕਲਾਸਾਂ ’ਚ ਬੈਠੇ-ਬੈਠੇ ਕਿਸੇ ਵੀ ਜਗ੍ਹਾ ’ਤੇ ਮੌਜੂਦ ਅਧਿਆਪਕ ਤੋਂ ਪੜ੍ਹ ਸਕਦੇ ਹਨ। ਅੱਜ-ਕੱਲ੍ਹ ਕਲਾਸਾਂ ’ਚ ਵੀਆਰ ਦਾ ਪ੍ਰਯੋਗ ਹੋਣ ਲੱਗ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਉਸ ਜਗ੍ਹਾ ’ਤੇ ਮੌਜੂਦ ਹੋਣ ਦਾ ਅਹਿਸਾਸ ਹੁੰਦਾ ਹੈ, ਜਿਸ ਵਿਸ਼ੇ ਦੀ ਉਹ ਪੜ੍ਹਾਈ ਕਰ ਰਹੇ ਹੁੁੰਦੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਨੂੰ ਬਿਹਤਰ ਤਰੀਕੇ ਨਾਲ ਸਮਝਣ ’ਚ ਸੌਖ ਹੁੰਦੀ ਹੈ।

ਵਰਚੁਅਲ ਟਿਊਟਰਸ (ਵੀਟੀ)

ਏਆਈ, ਚੈਟਬੋਟ ਅਤੇ ਵੀਟੀ ਵਿਦਿਆਰਥੀਆਂ ਲਈ 24¿7 ਘੰਟੇ ਉਪਲੱਬਧ ਹਨ, ਜੋ ਉਨ੍ਹਾਂ ਦੇ ਹੋਮਵਰਕ ’ਚ ਮਦਦ ਕਰ ਕੇ ਸਵਾਲਾਂ ਦੇ ਜਵਾਬ ਦੇਣ ਤੇ ਵਿਭਿੰਨ ਵਿਸ਼ਿਆਂ ਨੂੰ ਆਸਾਨੀ ਨਾਲ ਸਮਝਣ ’ਚ ਸਹਾਈ ਹੋ ਰਹੇ ਹਨ। ਇਸ ਤਰ੍ਹਾਂ ਕਲਾਸ ਤੋਂ ਇਲਾਵਾ ਵੀ ਵਿਦਿਆਰਥੀ ਬਹੁਤ ਕੁਝ ਸਿੱਖ ਸਕਦੇ ਹਨ।

ਇੰਟਰੈਕਟਿਵ ਢੰਗ ਨਾਲ ਸਿੱਖੋ ਨਵੀਂ ਭਾਸ਼ਾ

ਜੇ ਵਿਦਿਆਰਥੀ ਨਵੀਂ ਭਾਸ਼ਾ ਸਿੱਖਣਾ ਚਾਹੁੰਦੇ ਹਨ ਤਾਂ ਏਆਈ ਇਸ ’ਚ ਕਾਫ਼ੀ ਫ਼ਾਇਦੇਮੰਦ ਸਿੱਧ ਹੋ ਸਕਦੀ ਹੈ। ਏਆਈ ਪਾਵਰ ਐਪਸ ਵਿਦਿਆਰਥੀਆਂ ਨੂੰ ਇੰਟਰੈਕਟਿਵ ਤਰੀਕੇ ਨਾਲ ਭਾਸ਼ਾ ਸਿਖਾਉਣ ’ਚ ਮਦਦ ਕਰਦੇ ਹਨ। ਇਹ ਐਪਸ ਉਨ੍ਹਾਂ ਦੀ ਬੋਲਣ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਦੇ ਹਨ ਤੇ ਲੋੜ ਅਨੁਸਾਰ ਤੁਰੰਤ ਪ੍ਰਤੀਕਿਰਿਆ ਵੀ ਦਿੰਦੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਪ੍ਰਭਾਵੀ ਢੰਗ ਨਾਲ ਹੁਨਰ ਨੂੰ ਸੁਧਾਰਨ ਦੇ ਮੌਕੇ ਵੀ ਮਿਲਦੇ ਹਨ।

ਏਆਈ ਮੌਕ ਟੈਸਟ

ਇਹ ਤਕਨੀਕ ਵਿਦਿਆਰਥੀਆਂ ਨੂੰ ਪੜ੍ਹਾਈ ’ਚ ਮਦਦ ਕਰਨ ਤੋਂ ਇਲਾਵਾ ਇਹ ਵੀ ਤੈਅ ਕਰਦੀ ਹੈ ਕਿ ਉਨ੍ਹਾਂ ਦੀ ਤਿਆਰੀ ਕਿਹੜੇ ਪੱਧਰ ਤੱਕ ਪਹੁੰਚੀ ਹੈ। ਏਆਈ ਮੌਕ ਟੈਸਟ ਜ਼ਰੀਏ ਵਿਦਿਆਰਥੀਆਂ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਕਿੱਥੇ ਤੇ ਕੀ ਗ਼ਲਤੀ ਕਰ ਰਹੇ ਹਨ।

ਅਧਿਆਪਕਾਂ ਲਈ ਵਰਦਾਨ

ਕਈ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਜ਼ ਅਜਿਹੇ ਹਨ, ਜੋ ਗ੍ਰੇਡਿੰਗ ਪ੍ਰਕਿਰਿਆ ਨੂੰ ਤੇਜ਼ ਕਰਨ ਵਿਚ ਅਧਿਆਪਕਾਂ ਦੀ ਮਦਦ ਕਰਦੇ ਹਨ। ਇਸ ਨਾਲ ਅਧਿਆਪਕ ਵਿਦਿਆਰਥੀਆਂ ਦੀਆਂ ਕਮਜ਼ੋਰੀਆਂ ਨੂੰ ਆਸਾਨੀ ਨਾਲ ਸਮਝ ਕੇ ਉਨ੍ਹਾਂ ’ਤੇ ਧਿਆਨ ਕੇਂਦਰਿਤ ਕਰਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ (ਨਿੱਜੀ ਲੋੜ ਅਨੁਸਾਰ) ਪਾਠਕ੍ਰਮ ਵੀ ਤਿਆਰ ਕਰ ਸਕਦੇ ਹਨ, ਤਾਂ ਜੋ ਵਿਦਿਆਰਥੀਆਂ ਨੂੰ ਸਿੱਖਣ ’ਚ ਆਸਾਨੀ ਹੋਵੇ। ਨਾਲ ਹੀ ਕਈ ਏਆਈ ਟੂਲਜ਼ ਪ੍ਰਮੁੱਖ/ਅਧਿਆਪਕਾਂ ਦੇ ਪ੍ਰਸ਼ਾਸਨਿਕ ਕਾਰਜਾਂ ਦੇ ਰਾਹ ਨੂੰ ਵੀ ਸੌਖਾ ਕਰ ਰਹੇ ਹਨ।

ਸਾਵਧਾਨੀ ਹੈ ਜ਼ਰੂਰੀ

ਜਿਵੇਂ ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਵੀ ਦਵਾਈ ਖਾਣੀ ਖ਼ਤਰਨਾਕ ਸਿੱਧ ਹੋ ਸਕਦੀ ਹੈ, ਉਸੇ ਤਰ੍ਹਾਂ ਅਧਿਆਪਕ ਦੀ ਸਲਾਹ ਤੋਂ ਬਿਨਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਲਈ ਗਈ ਜਾਣਕਾਰੀ ਵੀ ਖ਼ਤਰਨਾਕ ਹੋ ਸਕਦੀ ਹੈ। ਇਸ ਲਈ ਵਿਦਿਆਰਥੀ ਏਆਈ, ਚੈਟਬੋਟ ਤੋਂ ਲਈ ਗਈ ਜਾਣਕਾਰੀ ਦੀ ਵਰਤੋਂ ਤੋਂ ਪਹਿਲਾਂ ਆਪਣੇ ਅਧਿਆਪਕ ਤੋਂ ਜ਼ਰੂਰ ਚੈੱਕ ਕਰਵਾ ਲੈਣ।

– ਪਿ੍ਰੰ. ਮਨਿੰਦਰ ਕੌਰ