ਸਾਲ 1998 ਵਿਚ ਗੀਤ ਆਇਆ ਸੀ ‘ਮੁੰਡਿਓਂ ਆ ਗਈ ਏ, ਸਿਰ ’ਤੇ ਗਾਗਰ ਰੱਖੀ’, ਅੱਜ ਵੀ ਇਹ ਗੀਤ ਵਿਆਹਾਂ ’ਚ ਆਮ ਸੁਣਨ ਨੂੰ ਮਿਲ ਜਾਂਦਾ ਹੈ ਪਰ ਬਹੁਤੇ ਲੋਕ ਇਹ ਨਹੀਂ ਜਾਣਦੇ ਇਸ ਗੀਤ ਨੂੰ ਉਸੇ ਗੀਤਕਾਰ ਨੇ ਲਿਖਿਆ ਸੀ ਜੋ ਅੱਜ-ਕੱਲ੍ਹ ਬਾਲੀਵੁੱਡ ਫਿਲਮ ‘ਐਨੀਮਲ’ ਵਿਚ ‘ਅਰਜਨ ਵੈਲੀ’ ਗੀਤ ਗਾ ਕੇ ਮਕਬੂਲੀਅਤ ਬਟੋਰ ਰਿਹਾ ਹੈ।

ਸ਼ਹਿਰ ਕੁਰਾਲੀ ਨਾਲ ਸਬੰਧ ਰੱਖਣ ਵਾਲੇ ਭੁਪਿੰਦਰ ਬੱਬਲ ਨੇ ਇਕ ਮਸ਼ਹੂਰ ਕਲਾਕਾਰ ਵਜੋਂ ਸੰਗੀਤ ਉਦਯੋਗ ਵਿਚ ਆਪਣੇ ਲਈ ਇਕ ਅਹਿਮ ਸਥਾਨ ਕਾਇਮ ਕੀਤਾ ਹੈ। ਬੱਬਲ ਕੁਰਾਲੀ ਦੇ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਵਿਚ ਪੜ੍ਹਿਆ ਤੇ ਫਿਰ ਉਸ ਨੇ ਰੋਪੜ ਦੇ ਸਰਕਾਰੀ ਕਾਲਜ ਤੋਂ ਐੱਮਏ ਕੀਤੀ। ਭੁਪਿੰਦਰ ਬੱਬਲ ਦੀ ਆਵਾਜ਼ ਰਣਬੀਰ ਕਪੂਰ ਦੀ ਆਨਸਕਰੀਨ ਮੌਜੂਦਗੀ ਦੇ ਨਾਲ-ਨਾਲ ਇਕ ਜਾਦੂ-ਟੂਣੇ ਦਾ ਬਿਰਤਾਂਤ ਵੀ ਬੁਣਦੀ ਹੈ। ਰਣਬੀਰ ਫਿਲਮ ਵਿਚ ਆਪਣੀ ਸ਼ਕਤੀ ਨੂੰ ਉਜਾਗਰ ਕਰਦਾ ਹੈ ਤੇ ਬੱਬਲ ਦੀ ਆਵਾਜ਼ ਵੱਧਦੀ ਜਾਂਦੀ ਹੈ ਤੇ ਫਿਲਮਾਏ ਦਿ੍ਰਸ਼ਾਂ ਨੂੰ ਚਾਰ ਚੰਨ ਲਾਉਂਦੀ ਹੈ ਅਤੇ ਉਮੀਦ ਤੇ ਉਤਸ਼ਾਹ ਦਾ ਮਾਹੌਲ ਵੀ ਪੈਦਾ ਕਰਦੀ ਹੈ। 1982 ’ਚ ਆਈ ਪੰਜਾਬੀ ਫ਼ਿਲਮ ‘ਪੁੱਤ ਜੱਟਾਂ ਦੇ’ ਵਿਚ ਇਕ ਗੀਤ ਵਿਚ ਅਰਜਨ ਵੈਲੀ ਦਾ ਜ਼ਿਕਰ ਹੋਇਆ ਸੀ, ਜਿਸ ਨੇ ਉਨ੍ਹਾਂ ਦਿਨਾਂ ਵਿਚ ਕਾਫੀ ਮਕਬੂਲੀਅਤ ਵੀ ਖੱਟੀ ਸੀ। ਬੱਬਲ ਨੇ ਦੱਸਿਆ ਕਿ ਅਰਜਨ ਵੈਲੀ ਕੋਈ ਇਕ ਬੰਦਾ ਨਹੀਂ ਸੀ, ਅਸਲ ਵਿਚ ਇਹ ਪੰਜਾਬ ਦੇ ਪਿੰਡਾਂ ਦੇ ਉਹ ਪਾਤਰ ਹਨ, ਜੋ ਕਿਸੇ ਵੀ ਜ਼ੁਲਮ ਖ਼ਿਲਾਫ਼ ਖੜ੍ਹੇ ਹੋ ਜਾਂਦੇ ਸਨ। ਇਹ ਪਿੰਡਾਂ ਦੀਆਂ ਆਪਸੀ ਲੜਾਈਆਂ ਵਿਚ ਵੀ ਹੁੰਦੇ ਸਨ। ਇਸ ਲਈ ਇਹ ਕਈ ਹੋ ਸਕਦੇ ਹਨ, ਮੈਂ ਤਾਂ ਕਹਿੰਦਾ ਹਾਂ ਅਰਜਨ ਘਰ-ਘਰ ਜੰਮੇ ਤਾਂ ਜੋ ਜ਼ੁਲਮ ਖ਼ਿਲਾਫ਼ ਡੱਟ ਕੇ ਮੁਕਾਬਲਾ ਕਰ ਸਕਣ।

ਅਰਜਨ ਤੋਂ ਅਰਜਨ ਵੈਲੀ ਕਿਵੇਂ ਬਣਿਆ

ਅਰਜਨ ਜ਼ਿਲ੍ਹਾ ਮੋਗਾ ’ਚ ਪੈਂਦੇ ਪਿੰਡ ਦੌਧਰ ਨਾਲ ਸਬੰਧ ਰੱਖਦਾ ਸੀ ਅਤੇ ਆਪਣੇ ਵੱਡੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਬਾਗ਼ੀ ਹੋ ਗਿਆ ਸੀ। ਅਰਜਨ ਦੇ ਪਰਿਵਾਰ ਦੀ ਪਿੰਡ ਵਿਚ ਹੀ ਸ਼ਰੀਕਾਂ ਨਾਲ ਕਿਸੇ ਮਾਮਲੇ ਨੂੰ ਲੈ ਕੇ ਖਹਿਬਾਜ਼ੀ ਚੱਲ ਰਹੀ ਸੀ। ਇਸ ਖਹਿਬਾਜ਼ੀ ਕਾਰਨ ਵਿਆਹ ਵਿਚ ਲੜਾਈ ਹੋ ਗਈ ਤੇ ਅਰਜਨ ਦਾ ਵੱਡਾ ਭਰਾ ਬਚਨ ਸਿੰਘ ਪਿਸਤੌਲ ਦੀ ਗੋਲ਼ੀ ਲੱਗਣ ਨਾਲ ਮਾਰਿਆ ਗਿਆ। ਘਟਨਾ ਪਿੱਛੋਂ ਅਰਜਨ ਨੇ ਘਰ ਛੱਡ ਦਿੱਤਾ। ਅਰਜਨ ਬਾਰੇ ਮਸ਼ਹੂਰ ਸੀ ਕਿ ਉਹ ਧਰਤੀ ’ਤੇ ਪੈਰ ਗੱਡ ਕੇ ਪੂਰੇ ਜ਼ੋਰ ਨਾਲ ਗੰਡਾਸੀ ਦਾ ਵਾਰ ਕਰਦਾ ਸੀ। ਅਰਜਨ ਹੱਥ ਵਿਚ ਡਾਂਗ ਜਾਂ ਗੰਡਾਸਾ ਰੱਖਣ ਦਾ ਸ਼ੌਕੀਨ ਸੀ। ਇਕ ਵਾਰ ਗ਼ਰੀਬ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਸਮੇਂ ਉਸ ਨੇ ਥਾਣੇਦਾਰ ਦੀ ਬਾਂਹ ਤੋੜ ਦਿੱਤੀ ਸੀ। ਇਸ ਸੁਭਾਅ ਕਰ ਕੇ ਉਸ ਨੂੰ ਲੋਕ ਵੈਲੀ ਕਹਿਣ ਲੱਗ ਗਏ ਤੇ ਉਹ ਅਰਜਨ ਤੋਂ ਅਰਜਨ ਵੈਲੀ ਬਣ ਗਿਆ। ਅਰਜਨ ਵੈਲੀ ਬਾਰੇ ਇਹ ਵੀ ਪ੍ਰਸਿੱਧ ਸੀ ਕਿ ਉਹ ਗ਼ਰੀਬ ਲੋਕਾਂ ਦੀਆਂ ਧੀਆਂ ਦੇ ਵਿਆਹ ਸਮੇਂ ਪੈਸਿਆਂ ਦੀ ਮਦਦ ਕਰਦਾ ਸੀ। ਭਾਰਤ-ਪਾਕਿਸਤਾਨ ਵੰਡ ਵੇਲੇ ਅਰਜਨ ਵੈਲੀ ਨੇ ਕਈ ਮੁਸਲਿਮ ਪਰਿਵਾਰਾਂ ਦੀ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਨੂੰ ਮਾਲੇਰਕੋਟਲਾ ਛੱਡ ਕੇ ਆਇਆ ਸੀ। ਫਿਰ ਇਕ ਪੁਲਿਸ ਮੁਕਾਬਲੇ ਵਿਚ ਅਰਜਨ ਵੈਲੀ ਨੂੰ ਉਸ ਦੇ ਇਕ ਸਾਥੀ ਰੂਪ ਸਿੰਘ ਨਾਲ ਮਾਰ ਦਿੱਤਾ ਗਿਆ ਸੀ।

ਫਿਲਮ ਦੇ ਗੀਤ ’ਤੇ ਬਹੁਤ ਮਿਹਨਤ ਹੋਈ

‘ਐਨੀਮਲ’ ਫਿਲਮ ਬਾਰੇ ਭੁਪਿੰਦਰ ਬੱਬਲ ਦਾ ਕਹਿਣਾ ਹੈ ਕਿ ਫਿਲਮ ਦੀ ਟੀਮ ਸਿਪਟ ਮੁਤਾਬਕ ਇਕ ਅਜਿਹੇ ਪੰਜਾਬੀ ਗੀਤ ਦੀ ਭਾਲ ਕਰ ਰਹੀ ਸੀ, ਜੋ ਸਿੱਖ ਭਾਈਚਾਰੇ ਨਾਲ ਜੁੜਿਆ ਹੋਵੇ ਅਤੇ ਜ਼ੁਲਮ ਖ਼ਿਲਾਫ਼ ਲੜਨ ਵਾਲਾ ਹੋਵੇ। ਜਦ ਉਨ੍ਹਾਂ ਦਾ ਮੇਰੇ ਨਾਲ ਸੰਪਰਕ ਹੋਇਆ ਤਾਂ ਮੈਂ ਉਨ੍ਹਾਂ ਨੂੰ ‘ਅਰਜਨ ਵੈਲੀ’ ਦੇ ਪਾਤਰ ਬਾਰੇ ਦੱਸਿਆ ਤਾਂ ਉਨ੍ਹਾਂ ਇਸ ’ਤੇ ਝਟਪਟ ਹਾਂ ਕਰ ਦਿੱਤੀ। ਫਿਰ ਗੀਤ ਨੂੰ ਮੈਂ ਸਿਪਟ ਮੁਤਾਬਕ ਢਾਲਿਆ ਤੇ ਅੱਜ ਇਹ ਗੀਤ ਸਾਰਿਆਂ ਦੇ ਸਾਹਮਣੇ ਹੈ। ਬੱਬਲ ਮੁਤਾਬਕ ਇਸ ਗੀਤ ਨੂੰ ਰਿਕਾਰਡ ਕਰਨ ਵੇਲੇ ਸਿਰਫ਼ ‘ਬੜ੍ਹਕਾਂ’ ਨੂੰ ਹੀ 25 ਵਾਰ ਸ਼ੂਟ ਕੀਤਾ ਗਿਆ ਸੀ, ਇਸ ਤੋਂ ਹੀ ਤੁਸੀਂ ਇਸ ਗੀਤ ਪਿਛਲੀ ਮਿਹਨਤ ਦਾ ਅੰਦਾਜ਼ਾ ਲਗਾ ਸਕਦੇ ਹੋ।

– ਗੁਣਜੋਤ ਸਿੰਘ ਬੇਦੀ