ਆਈਏਐੱਨਐੱਸ, ਨਵੀਂ ਦਿੱਲੀ : ਐਮਾਜ਼ਨ ਨੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (CCPA) ਤੋਂ ਨੋਟਿਸ ਮਿਲਣ ਦੇ ਬਾਅਦ ‘ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ’ ਦੇ ਨਾਂ ਨਾਲ ਵੇਚੀ ਜਾਣ ਵਾਲੀਆਂ ਮਠਿਆਈਆਂ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।

ਐਮਾਜ਼ਨ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਕੁਝ ਵਿਕਰੇਤਾਵਾਂ ਵਲੋਂ ਗੁਮਰਾਹਕੁੰਨ ਦਾਅਵਿਆਂ ਦੀ ਜਾਂਚ ਦੇ ਸਬੰਧ ’ਚ ਸੀਸੀਪੀਏ ਤੋਂ ਸੂਚਨਾ ਮਿਲੀ ਹੈ। ਅਸੀਂ ਆਪਣੀਆਂ ਨੀਤੀਆਂ ਦੇ ਮੁਤਾਬਕ ਉਚਿਤ ਕਾਰਵਾਈ ਕਰ ਰਹੇ ਹਾਂ। ਕੰਪਨੀ ਨੇ ਇਹ ਵੀ ਕਿਹਾ ਕਿ ਐਮਾਜ਼ਨ ਡਾਟ ਇਨ ਥਰਡ ਪਾਰਟੀ ਪਲੇਟਫਾਰਮ ਹੈ। ਉਤਪਾਦ ਐਮਾਜ਼ਨ ਨਹੀਂ ਵੇਚਦਾ, ਭਾਰਤੀ ਕਾਨੂੰਨਾਂ ਤੇ ਐਮਾਜ਼ਨ ਨੀਤੀ ਦੇ ਮੁਤਾਬਕ ਉਤਪਾਦ ਉਪਲਬਧ ਕਰਾਉਂਦਾ ਹੈ। ਸੀਸੀਪੀਏ ਨੇ ਐਮਾਜ਼ਨ ਡਾਟ ਇਨ ’ਤੇ ‘ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ’ ਨਾਂ ਨਾਲ ਮਠਿਆਈਆਂ ਦੀ ਵਿਕਰੀ ਦੇ ਸਬੰਧ ’ਚ ਐਮਾਜ਼ਨ ਤੋਂ ਸੱਤ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਜੇਕਰ ਕੰਪਨੀ ਦਿੱਤੇ ਗਏ ਸਮੇਂ ਦੇ ਅੰਦਰ ਜਵਾਬ ਨਹੀਂ ਦਿੰਦੀ ਤਾਂ ਕਾਰਵਾਈ ਕੀਤੀ ਜਾਵੇਗੀ।

ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਸ਼ਿਕਾਇਤ ’ਚ ਕਿਹਾ ਹੈ ਕਿ ਅਯੁੱਧਿਆ ਮੰਦਰ ਤੋਂ ਪ੍ਰਸਾਦ ਦੀ ਵਿਕਰੀ ਨਹੀਂ ਹੋ ਰਹੀ। ਫਿਰ ਵੀ ਐਮਾਜ਼ਨ ’ਤੇ ‘ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ’ ਦੀ ਆੜ ’ਚ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰ ਕੇ ਮਠਿਆਈਆਂ ਵੇਚੀਆਂ ਜਾ ਰਹੀਆਂ ਹਨ। ਇਸੇ ਸ਼ਿਕਾਇਤ ਦੇ ਆਧਾਰ ’ਤੇ ਸੀਸੀਪੀਏ ਨੇ ਨੋਟਿਸ ਜਾਰੀ ਕੀਤਾ।