ਅਲਬਰਟਾ, (ਏਜੰਸੀ)— ਕੈਨੇਡਾ ਦੇ ਸੂਬੇ ਅਲਬਰਟਾ ‘ਚ ਬੁੱਧਵਾਰ ਦੀ ਦੁਪਹਿਰ ਨੂੰ ਇਕ ਕਾਰ ਅਤੇ ਵੈਨ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਕੈਨੇਡੀਅਨ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਹਾਦਸੇ ਦੀ ਸੂਚਨਾ ਉਨ੍ਹਾਂ ਨੂੰ ਫੋਨ ‘ਤੇ ਮਿਲੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਹਾਈਵੇਅ-600 ਅਤੇ ਹਾਈਵੇਅ-41 ਦੇ ਚੌਰਾਹੇ ‘ਤੇ ਵਾਪਰਿਆ।
ਪੁਲਸ ਨੇ ਦੱਸਿਆ ਕਿ ਭਿਆਨਕ ਟੱਕਰ ਹੋਣ ਕਾਰਨ ਵੈਨ ‘ਚ ਸਵਾਰ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਾਰ ਡਰਾਈਵ ਕਰ ਰਹੀ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਸ ਮੁਤਾਬਕ ਗੰਭੀਰ ਜ਼ਖਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਪੁਲਸ ਨੇ ਦੱਸਿਆ ਕਿ ਕਾਰ ‘ਚ ਸਵਾਰ ਇਕ 3 ਸਾਲਾ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਹਾਦਸੇ ਵਾਲੀ ਥਾਂ ‘ਤੇ ਹੀ ਇਲਾਜ ਕੀਤਾ ਗਿਆ। ਪੁਲਸ ਵਲੋਂ ਹਾਦਸੇ ਦੇ ਕਾਰਨ ਜਾਣਨ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਵੈਨ ਹਾਈਵੇਅ-600 ‘ਤੇ ਲੱਗੇ ਸਟਾਪ ਸਾਈਨ ‘ਤੇ ਰੁੱਕਣ ‘ਚ ਅਸਫਲ ਰਹੀ ਅਤੇ ਉਸ ਦੀ ਕਾਰ ਨਾਲ ਹਾਈਵੇਅ-41 ‘ਤੇ ਭਿਆਨਕ ਟੱਕਰ ਹੋ ਗਈ।