ਵਾਸ਼ਿੰਗਟਨ,: ਉੱਤਰੀ ਕੋਰੀਆ ਦੀ ਜੇਲ ‘ਚੋਂ ਕੋਮਾ ਦੀ ਹਾਲਤ ‘ਚ ਰਿਹਾਅ ਹੋਏ ਅਮਰੀਕੀ ਵਿਦਿਆਰਥੀ ਦੀ ਮੌਤ ਹੋ ਗਈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਉੱਤਰੀ ਕੋਰੀਆ ਦੀ ਕਾਇਰਤਾ ਦਸਿਆ ਹੈ।22 ਸਾਲਾ ਓਟੋ ਵਾਰਮਬੀਅਰ ਉੱਤਰੀ ਕੋਰੀਆ ‘ਚ 15 ਮਹੀਨੇ ਦੀ ਜੇਲ ਦੀ ਸਜ਼ਾ ਕੱਟ ਕੇ ਅਪਣੇ ਦੇਸ਼ ਪਰਤਿਆ ਸੀ। ਉੱਤਰੀ ਕੋਰੀਆ ਨੇ ਉਸ ਨੂੰ ਕੋਮਾ ਦੀ ਸਥਿਤੀ ਤੋਂ ਬਾਹਰ ਆਉਣ ਦੇ ਤੁਰੰਤ ਬਾਅਦ ਹੀ ਉਸ ਨੂੰ ਰਿਹਾਅ ਕਰ ਦਿਤਾ ਸੀ। ਅਮਰੀਕੀ ਡਾਕਟਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਦੇ ਸਿਰ ‘ਤੇ ਡੂੰਘੀ ਸੱਟ ਲੱਗੀ ਹੈ। ਜਿਸ ਤੋਂ ਬਾਅਦ ਉਸ ਨੂੰ ਸਿਨਸਿਨਾਟੀ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਟਰੰਪ ਨੇ ਵਿਦਿਆਰਥੀ ਦੀ ਮੌਤ ‘ਤੇ ਟਵਿਟ ਕਰ ਕੇ ਕਿਹਾ, ”ਕਿਸੇ ਵੀ ਪਰਵਾਰ ਲਈ ਘੱਟ ਉਮਰ ‘ਚ ਅਪਣੇ ਬੱਚੇ ਨੂੰ ਖੋਣਾ ਕਾਫੀ ਦੁਖਦ ਹੁੰਦਾ ਹੈ।” ਟਰੰਪ ਨੇ ਉੱਤਰ ਕੋਰੀਆ ਨੂੰ ਧਮਕੀ ਦਿਤੀ ਹੈ ਕਿ ਉਹ ਇਸ ਕਾਇਰਤਾ ਵਾਲੇ ਕੰਮ ਦਾ ਬਦਲਾ ਲੈ ਕੇ ਰਹਿਣਗੇ।
ਜ਼ਿਕਰਯੋਗ ਹੈ ਕਿ ਵਰਜ਼ੀਨੀਆ ਯੂਨੀਵਰਸਟੀ ‘ਚ ਪੜ੍ਹਾਈ ਕਰਨ ਵਾਲਾ ਵਿਦਿਆਰਥੀ ਵਾਰਮਬੀਅਰ 30 ਦਸੰਬਰ 2015 ਨੂੰ ਟੂਰ ਗਰੁੱਪ ਨਾਲ ਬੀਜਿੰਗ ਤੋਂ ਪਿਉਂਗਯਾਂਗ ਦੀ ਯਾਤਰਾ ‘ਤੇ ਗਿਆ ਸੀ। 2 ਜਨਵਰੀ 2016 ਨੂੰ ਉਸ ਨੂੰ ਪਿਉਂਗਯਾਂਗ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। 16 ਮਾਰਚ ਨੂੰ ਵਾਰਮਬੀਅਰ ਉਤੇ ਅਦਾਲਤ ‘ਚ ਮਾਮਲਾ ਚਲਿਆ, ਜਿਥੇ ਉਸ ਨੇ ਇਕ ਪ੍ਰਚਾਰ ਪੋਸਟਰ ਚੋਰੀ ਕਰਨ ਦਾ ਦੋਸ਼ ਕਬੂਲ ਲਿਆ। ਉਸ ਨੂੰ 15 ਸਾਲ ਲਈ ਦੀ ਸਜ਼ਾ ਸੁਣਾਈ ਗਈ ਸੀ।