ਵਿਨੋਦ ਚੌਧਰੀ, ਕੁਰੂਕਸ਼ੇਤਰ : ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਤਿਆਰ ਵਿਸ਼ੇਸ਼ ਤਰ੍ਹਾਂ ਦਾ ਆਰਗੈਨਿਕ ਕੰਪਾਊਂਡ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਬਣ ਸਕਦਾ ਹੈ। ਇਸ ਦੀ ਮਦਦ ਨਾਲ ਮਨੁੱਖ ਦੇ ਸਰੀਰ ’ਚ ਵਧਦੀ ਜਾ ਰਹੀਆਂ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਇਸ ਦੀ ਖ਼ਾਸੀਅਤ ਹੈ ਕਿ ਇਹ ਸਰੀਰ ’ਚ ਵਧਦੀਆਂ ਜਾ ਰਹੀਆਂ ਕੈਂਸਰ ਕੋਸ਼ਿਕਾਵਾਂ ਨੂੰ ਹੀ ਨਸ਼ਟ ਕਰੇਗਾ। ਇਸ ਨਾਲ ਸਰੀਰ ਦੀਆਂ ਸਿਹਤਮੰਦ ਕੋਸ਼ਿਕਾਵਾਂ ’ਤੇ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਪਹਿਲਾਂ ਕੈਂਸਰ ਦੇ ਇਲਾਜ ’ਚ ਵਰਤੀ ਜਾਣ ਵਾਲੀ ਕੀਮੋਥੈਰੇਪੀ ਤੇ ਰੇਡੀਓਥੈਰੇਪੀ ਤੋਂ ਪ੍ਰਭਾਵਿਤ ਸਥਾਨ ’ਤੇ ਬਣਨ ਵਾਲੀਆਂ ਕੈਂਸਰ ਕੋਸ਼ਿਕਾਵਾਂ ਨੂੰ ਨਸ਼ਟ ਕਰਨ ਸਮੇਂ ਸਿਹਤਮੰਦ ਕੋਸ਼ਿਕਾਵਾਂ ਨੂੰ ਵੀ ਨੁਕਸਾਨ ਪਹੁੰਚਦਾ ਸੀ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਜ਼ੂਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਜਤਿੰਦਰ ਭਾਰਦਵਾਜ ਤੇ ਰਸਾਇਣ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਪਵਨ ਸ਼ਰਮਾ ਨੇ ਇਸ ’ਤੇ ਇਕ ਸਾਲ ਖੋਜ ਕੀਤੀ ਹੈ। ਇਸ ਖੋਜ ’ਚ ੁਸਫਲ ਹੋਣ ਤੋਂ ਬਾਅਦ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਇਸ ਦਾ ਪੇਟੈਂਟ ਵੀ ਹਾਸਲ ਕਰ ਲਿਆ ਹੈ। ਹੁਣ ਇਹ ਖੋਜ ਪੂਰੀ ਤਰ੍ਹਾਂ ਮਨੁੱਖੀ ਟਰਾਇਲ ਲਈ ਤਿਆਰ ਹੈ। ਮਨੁੱਖੀ ਟਰਾਇਲ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਦਵਾਈ ਦੀ ਫੋਰਮ ’ਚ ਮੁਹੱਈਆ ਹੋ ਸਕਦਾ ਹੈ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਤਿਆਰ ਇਹ ਖ਼ਾਸ ਕੰਪਾਊਂਡ ਐਂਟੀ ਕੈਂਸਰ ਡਰੱਗ ਦੇ ਰੂਪ ’ਚ ਕੰਮ ਕਰੇਗਾ। ਇਸ ਨੂੰ ਐਪੋਪਟੋਸਿਸ (ਪ੍ਰੋਗਰਾਮਡ ਸੈੱਲ ਡੈੱਥ) ਕਹਿੰਦੇ ਹਨ। ਇਹ ਇਕ ਤਰ੍ਹਾਂ ਨਾਲ ਗ਼ੈਰ ਜ਼ਰੂਰੀ ਕੋਸ਼ਿਕਾਵਾਂ ਨੂੰ ਬਣਨ ਤੋਂ ਰੋਕਦਾ ਹੈ ਜਾਂ ਕਾਬੂ ’ਚ ਰੱਖਦਾ ਹੈ। ਕੋਸ਼ਿਕਾਵਾਂ ਦਾ ਬੇਕਾਬੂ ਵਾਧਾ ਹੀ ਕੈਂਸਰ ਬਣਦਾ ਹੈ। ਮਾਹਰਾਂ ਨੇ ਖੋਜ ’ਚ ਇਸ ਐਪੋਪਟੋਸਿਸ ਨੂੰ ਕੈਂਸਰ ਪ੍ਰਭਾਵਿਤ ਜਗ੍ਹਾ ’ਤੇ ਇੰਡਿਊਜ਼ ਕੀਤਾ। ਇਸ ਦੇ ਹੋਰ ਦਵਾਈਆਂ ਦੇ ਮੁਕਾਬਲੇ ਬਿਹਤਰ ਨਤੀਜੇ ਮਿਲੇ ਹਨ।

ਕਿਵੇਂ ਹੁੰਦਾ ਹੈ ਕੈਂਸਰ?

ਜ਼ੂਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਜਤਿੰਦਰ ਭਾਰਦਵਾਜ ਨੇ ਦੱਸਿਆ ਕਿ ਕੈਂਸਰ ਇਕ ਬਾਇਓਲਾਜੀਕਲ ਪ੍ਰੋਸੈੱਸ ਹੈ। ਇਸ ਨਾਲ ਸਰੀਰ ਦੇ ਕਿਸੇ ਹਿੱਸੇ ’ਚ ਸੈੱਲ ਡਿਵੀਜ਼ਨ ਬੇਕਾਬੂ ਹੋ ਜਾਂਦੀ ਹੈ। ਇਸ ਦੇ ਬੇਕਾਬੂ ਹੋਣ ’ਤੇ ਕੋਸ਼ਿਕਾਵਾਂ ਦੀ ਗਿਣਤੀ ਵਧਦੀ ਜਾਂਦੀ ਹੈ। ਇਹੋ ਕੋਸ਼ਿਕਾਵਾਂ ਕੈਂਸਰ ਕੋਸ਼ਿਕਾਵਾਂ ਹੁੰਦੀਆਂ ਹਨ। ਇਨ੍ਹਾਂ ਦੇ ਬੇਕਾਬੂ ਤਰੀਕੇ ਨਾਲ ਵਧਣ ਨੂੰ ਸ਼ੁਰੂਆਤ ’ਚ ਟਿਊਮਰ ਕਿਹਾ ਜਾਂਦਾ ਹੈ ਤੇ ਬਾਅਦ ’ਚ ਇਹੋ ਕੈਂਸਰ ਬਣ ਜਾਂਦਾ ਹੈ। ਇਨ੍ਹਾਂ ਦੇ ਐਪੋਪਟੋਸਿਸ ’ਚ ਕੇਵਲ ਕੈਂਸਰ ਕੋਸ਼ਿਕਾਵਾਂ ਹੀ ਨਸ਼ਟ ਹੁੰਦੀਆਂ ਹਨ।