ਜਾਗਰਣ ਬਿਊਰੋ, ਨਵੀਂ ਦਿੱਲੀ : ਪੰਜ ਸਦੀਆਂ ਦੇ ਇੰਤਜ਼ਾਰ ਤੋਂ ਬਾਅਦ ਰਾਮਲਲਾ ਦੇ ਆਪਣੇ ਸ਼ਾਨਦਾਰ ਮੰਦਰ ’ਚ ਬਿਰਾਜਮਾਨ ਹੋਣ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਕਰੋੜਾਂ ਰਾਮ ਭਗਤਾਂ ਲਈ ਕਦੇ ਨਾ ਭੁੱਲਣ ਵਾਲਾ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਭਾਵਨਾ ਨੂੰ ਸ਼ਬਦਾਂ ’ਚ ਸਮੇਟ ਸਕਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਰਾਮ ਮੰਦਰ ਦਾ ਸੰਕਲਪ ਪੂਰਾ ਹੁੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦਿੱਲੀ ’ਚ ਬਿਰਲਾ ਮੰਦਰ ’ਚ ਪੂਜਾ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕੀਤੀ ਗਈ ਪੋਸਟ ’ਚ ਉਨ੍ਹਾਂ ਕਿਹਾ ਕਿ ਇਸ ਪਲ ਦੇ ਇੰਤਜ਼ਾਰ ’ਚ ਪਤਾ ਨਹੀਂ ਸਾਡੀਆਂ ਕਿੰਨੀਆਂ ਪੀੜ੍ਹੀਆਂ ਖਪ ਗਈਆਂ ਪਰ ਕੋਈ ਵੀ ਡਰ ਅਤੇ ਦਹਿਸ਼ਤ ਰਾਮ ਜਨਮ ਭੂਮੀ ’ਤੇ ਫਿਰ ਤੋਂ ਮੰਦਰ ਬਣਾਉਣ ਦੇ ਸੰਕਲਪ ਅਤੇ ਵਿਸ਼ਵਾਸ ਨੂੰ ਡੇਗ ਨਹੀਂ ਸਕੇ। ਉਨ੍ਹਾਂ ਨੇ ਰਾਮ ਮੰਦਰ ਲਈ ਸਦੀਆਂ ਤੱਕ ਸੰਘਰਸ਼ ਕਰਨ ਤੇ ਇਸ ਨੂੰ ਬਣਾਉਣ ਦਾ ਸੰਕਲਪ ਕਰਨ ਵਾਲੇ ਮਹਾਪੁਰਸ਼ਾਂ ਨੂੰ ਵੀ ਨਮਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਪੁਰਸ਼ਾਂ ਨੇ ਆਪਣੇ ਜੀਵਨ ’ਚ ਕਈ ਅਪਮਾਨ ਤੇ ਕਸ਼ਟ ਸਹੇ ਪਰ ਆਪਣੇ ਧਰਮ ਦਾ ਮਾਰਗ ਕਦੇ ਨਹੀਂ ਛੱਡਿਆ। ਅੱਜ ਸ਼ਾਨਦਾਰ ਤੇ ਦੈਵੀ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਇਸੇ ਦਾ ਸੁਖਦਾਈ ਫਲ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਾਲ ਸ਼੍ਰੀ ਰਾਮ ਜਨਮ ਭੂਮੀ ਮੰਦਰ ਯੁੱਗਾਂ-ਯੁੱਗਾਂ ਤੱਕ ਅਵਿਨਾਸ਼ੀ ਸਨਾਤਨ ਸੱਭਿਆਚਾਰ ਦਾ ਅਦੁੱਤੀ ਪ੍ਰਤੀਕ ਰਹੇਗਾ।