ਪੀਟੀਆਈ, ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਦੀ ਸ਼ਾਮ ਨੂੰ 19 ਪ੍ਰਤਿਭਾਸ਼ਾਲੀ ਬੱਚਿਆਂ ਨੂੰ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ। ਐਵਾਰਡ ਜੇਤੂ ਬੱਚਿਆਂ ਨੂੰ ਕਲਾ ਤੇ ਸੱਭਿਆਚਾਰ, ਬਹਾਦਰੀ, ਨਵਾਚਾਰ, ਸਮਾਜਿਕ ਸੇਵਾ ਤੇ ਖੇਡਾਂ ਦੇ ਖੇਤਰ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਦੇਸ਼ ਦੇ ਸਾਰੇ ਖੇਤਰਾਂ ਤੋਂ ਬੱਚੇ ਚੁਣੇ ਗਏ ਹਨ। ਐਵਾਰਡ ਜੇਤੂਆਂ ਵਿੱਚੋਂ 18 ਸੂਬਿਆਂ ਤੇ ਕੇਂਦਰ ਸ਼ਾਸਤ ਸੂਬਿਆਂ ਤੋਂ 9 ਮੁੰਡੇ ਦੇ 10 ਕੁੜੀਆਂ ਨੂੰ ਸ਼ਾਮਲ ਕੀਤਾ ਹੈ। ਰਾਸ਼ਟਰਪਤੀ ਮੁਰਮੂ ਨੇ ‘ਪ੍ਰਧਾਨ ਮੰਤਰੀ ਕੌਮੀ ਬਾਲ ਇਨਾਮ 2024’ ਨੁੂੰ ਛੇ ਕੈਟਾਗਰੀਜ਼ ਕਲਾ ਤੇ ਸੱਭਿਆਚਾਰ ਲਈ 7, ਬਹਾਦਰੀ ਲਈ ਇਕ, ਨਵੀਆਂ ਪੈੜ੍ਹਾਂ ਲਈ ਇਕ, ਵਿਗਿਆਨ ਤੇ ਤਕਨੀਕ ਲਈ ਇਕ, ਸਮਾਜਿਕ ਸੇਵਾ ਲਈ ਚਾਰ ਤੇ ਖੇਡਾਂ ਲਈ 5 ਇਨਾਮ ਦਿੱਤੇ ਹਨ। ਇਹ ਇਨਾਮ ਪੰਜ ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਸਮਾਗਮ ਅਦਭੁਤ ਸਮਰੱਥਾ ਤੇ ਲਿਆਕਤਮੰਦ ਨੌਜਵਾਨਾਂ ਨੁੂੰ ਉਤਸ਼ਾਹਤ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਹੀ ਰਸਤਾ ਵਿਖਾਉਣਾ ਸਾਡਾ ਫ਼ਰਜ਼ ਹੈ, ਜਿਸ ਨਾਲ ਉਹ ਆਪਣੀ ਪ੍ਰਤਿਭਾ ਤੇ ਊਰਜਾ ਦੀ ਸਹੀ ਵਰਤੋਂ ਕਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਅੱਜ ਭਾਰਤ ਦੇ ਕੋਲ ਵੱਡੀ ਗਿਣਤੀ ਵਿਚ ਨੌਜਵਾਨਾਂ ਦੇ ਰੂਪ ਵਿਚ ਅਨਮੋਲ ਮਨੁੱਖੀ ਸਾਧਨ ਹਨ। ਇਹ ਨੌਜਵਾਨ ਨਾ-ਸਿਰਫ਼ ਭਾਰਤ ਸਗੋਂ ਪੂਰੇ ਸੰਸਾਰ ਦੀ ਪ੍ਰਗਤੀ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਸਰੀਰਕ ਗਤੀਵਿਧੀਆਂ ਵਿਚ ਕਮੀ ਕਾਰਨ ਬੱਚਿਆਂ ਤੇ ਨੌਜਵਾਨਾਂ ਵਿਚ ਬਿਮਾਰੀਆਂ ਵੱਧ ਰਹੀਆਂ ਹਨ। ਰਾਸ਼ਟਰਪਤੀ ਮੁਰਮੂ ਨੇ ਨੌਜਵਾਨਾਂ ਨੂੰ ਘੱਟੋ-ਘੱਟ ਇਕ ਖੇਡ ਸਿੱਖਣ ਤੇ ਉਸ ਵਿਚ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸਮਰਿਤੀ ਈਰਾਨੀ ਤੇ ਬਾਲ ਵਿਕਾਸ ਰਾਜ ਮੰਤਰੀ ਮੁੰਜਪਾਰਾ ਮਹਿੰਦਰਭਾਈ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਬਾਲ ਇਨਾਮ ਜੇਤੂ ਬੱਚਿਆਂ ਨਾਲ ਮੁਲਾਕਾਤ ਕਰਨਗੇ। ਇਨਾਮ ਜੇਤੂ ਬੱਚੇ 26 ਜਨਵਰੀ ਨੂੁੰ ਗਣਤੰਤਰ ਦਿਵਸ ਪਰੇਡ ਵਿਚ ਸ਼ਮੁੂਲੀਅਤ ਕਰਨਗੇ।