ਨਵੀਂ ਦਿੱਲੀ : ਰਾਮ ਮੰਦਰ ਵਿੱਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਨਾਲ ਪੂਰੀ ਅਯੁੱਧਿਆ ਚਮਕ ਰਹੀ ਹੈ। ਇਸ ਦੌਰਾਨ ਉਥੇ ਬਣਨ ਵਾਲੀ ਮਸਜਿਦ ਨੂੰ ਲੈ ਕੇ ਵੀ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਯੁੱਧਿਆ ਵਿਚ ਸ਼ਾਨਦਾਰ ਮਸਜਿਦ ਦਾ ਨਿਰਮਾਣ ਇਸ ਸਾਲ ਮਈ ਤੋਂ ਸ਼ੁਰੂ ਹੋਵੇਗਾ ਅਤੇ ਇਸ ਨੂੰ ਪੂਰਾ ਹੋਣ ਵਿਚ ਤਿੰਨ-ਚਾਰ ਸਾਲ ਲੱਗਣ ਦੀ ਉਮੀਦ ਹੈ।

ਇਹ ਜਾਣਕਾਰੀ ਦਿੰਦਿਆਂ ਮਸਜਿਦ ਪ੍ਰਾਜੈਕਟ ਦੀ ਦੇਖ-ਰੇਖ ਕਰ ਰਹੀ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ (ਆਈਆਈਸੀਐਫ) ਦੀ ਵਿਕਾਸ ਕਮੇਟੀ ਦੇ ਮੁਖੀ ਹਾਜੀ ਅਰਾਫਾਤ ਸ਼ੇਖ ਨੇ ਦੱਸਿਆ ਕਿ ਮਸਜਿਦ ਲਈ ਪੈਸਾ ਇਕੱਠਾ ਕਰਨ ਲਈ ਇੱਕ ਫੰਡਿੰਗ ਵੈੱਬਸਾਈਟ ਵੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮਸਜਿਦ ਦਾ ਨਾਂ ਪੈਗੰਬਰ ਮੁਹੰਮਦ ਦੇ ਨਾਂ ‘ਤੇ ‘ਮਸਜਿਦ ਮੁਹੰਮਦ ਬਿਨ ਅਬਦੁੱਲਾ’ ਰੱਖਿਆ ਜਾਵੇਗਾ।

ਮਸਜਿਦ ਦੇ ਨਿਰਮਾਣ ‘ਚ ਦੇਰੀ ਦਾ ਇਹ ਸੀ ਕਾਰਨ

ਨਿਊਜ਼ ਏਜੰਸੀ ਅਨੁਸਾਰ, ਅਰਾਫਾਤ ਸ਼ੇਖ ਨੇ ਕਿਹਾ, ‘ਸਾਡੀ ਕੋਸ਼ਿਸ਼ ਲੋਕਾਂ ‘ਚ ਦੁਸ਼ਮਣੀ, ਨਫਰਤ ਨੂੰ ਖਤਮ ਕਰਨਾ ਹੈ ਅਤੇ ਇਸ ਨੂੰ ਇਕ-ਦੂਜੇ ਲਈ ਪਿਆਰ ‘ਚ ਬਦਲਣਾ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਸਵੀਕਾਰ ਕਰੋ ਜਾਂ ਨਾ ਕਰੋ। ਉਨ੍ਹਾਂ ਕਿਹਾ, ‘ਜੇਕਰ ਅਸੀਂ ਆਪਣੇ ਬੱਚਿਆਂ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਸਿਖਾਵਾਂਗੇ ਤਾਂ ਇਹ ਸਾਰੀ ਲੜਾਈ ਰੁਕ ਜਾਵੇਗੀ।’

ਆਈਆਈਸੀਐਫ ਦੇ ਸਕੱਤਰ ਅਤਹਰ ਹੁਸੈਨ ਨੇ ਕਿਹਾ ਕਿ ਮਸਜਿਦ ਦੇ ਨਿਰਮਾਣ ਵਿੱਚ ਦੇਰੀ ਹੋਈ ਹੈ ਕਿਉਂਕਿ ਉਹ ਡਿਜ਼ਾਈਨ ਵਿੱਚ ਹੋਰ ਪਰੰਪਰਾਗਤ ਤੱਤਾਂ ਨੂੰ ਜੋੜਨਾ ਚਾਹੁੰਦੇ ਸਨ।

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਸਾਲ 2019 ‘ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਇਸ ਨੂੰ ਹਿੰਦੂ ਪੱਖ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਵਿਵਾਦਿਤ ਜ਼ਮੀਨ ‘ਤੇ ਮੰਦਰ ਬਣਾਇਆ ਜਾਵੇਗਾ, ਜਦਕਿ ਮੁਸਲਿਮ ਪੱਖ ਨੂੰ ਮਸਜਿਦ ਬਣਾਉਣ ਲਈ ਜ਼ਮੀਨ ਦਾ ਟੁਕੜਾ ਦਿੱਤਾ ਜਾਵੇਗਾ।