ਡਿਜੀਟਲ ਡੈਸਕ, ਨਵੀਂ ਦਿੱਲੀ : National Weather Update: ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤਕ ਉੱਤਰੀ ਭਾਰਤ ਦੇ ਕਈ ਹਿੱਸਿਆਂ ‘ਚ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਹੈ। ਆਈਐਮਡੀ ਨੇ ਕਿਹਾ, ‘ਸ਼ਨਿਚਰਵਾਰ ਨੂੰ ਪੰਜਾਬ, ਪੂਰਬੀ ਉੱਤਰ ਪ੍ਰਦੇਸ਼ ਤੇ ਉੱਤਰੀ ਮੱਧ ਪ੍ਰਦੇਸ਼ ਦੇ ਕਈ ਖੇਤਰਾਂ ‘ਚ ਸੀਤ ਲਹਿਰ ਰਿਕਾਰਡ ਕੀਤੀ ਗਈ। ਇਸ ਦੇ ਨਾਲ ਹੀ ਪੂਰਬੀ ਭਾਰਤ ‘ਚ ਘੱਟੋ-ਘੱਟ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤਕ ਡਿੱਗਣ ਦੀ ਸੰਭਾਵਨਾ ਹੈ।’

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 25 ਜਨਵਰੀ ਤਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਦੇਰ ਰਾਤ ਅਤੇ ਸਵੇਰ ਦੇ ਸਮੇਂ ਦੌਰਾਨ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਉੱਤਰਾਖੰਡ ਦੇ ਵੱਖ-ਵੱਖ ਖੇਤਰਾਂ ‘ਚ 23 ਜਨਵਰੀ ਤਕ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ 24 ਜਨਵਰੀ ਤਕ ਧੁੰਦ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।

ਸ਼ਨਿਚਰਵਾਰ ਸਵੇਰ ਤੋਂ ਹੀ ਪੂਰੇ ਹਰਿਆਣਾ ‘ਚ ਸੀਤ ਲਹਿਰ ਜਾਰੀ ਹੈ ਜਿਸ ਕਾਰਨ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਸੰਘਣੀ ਧੁੰਦ ਅਤੇ ਘੱਟ ਤਾਪਮਾਨ ਦੀ ਚਿਤਾਵਨੀ ਦਿੰਦੇ ਹੋਏ ਹਰਿਆਣਾ ਦੇ 10 ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਅਤੇ 12 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਭਵਿੱਖਬਾਣੀ ਕੀਤੀ ਹੈ ਕਿ ਸੀਤ ਲਹਿਰ ਸ਼ੁਰੂ ਹੋਣ ਨਾਲ ਠੰਢ ਵਧੇਗੀ।

ਉੱਤਰਾਖੰਡ ‘ਚ ਕੜਾਕੇ ਦੀ ਠੰਢ ਤੇ ਧੁੰਦ ਪੈ ਰਹੀ ਹੈ ਜਿਸ ਕਾਰਨ ਫਿਲਹਾਲ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਖੇਤਰੀ ਮੌਸਮ ਵਿਗਿਆਨ ਕੇਂਦਰ (ਦੇਹਰਾਦੂਨ) ਨੇ ਹਰਿਦੁਆਰ ਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸ਼ਨਿੱਚਰਵਾਰ ਨੂੰ ਉੱਤਰਾਖੰਡ ਦੇ ਕੁਝ ਹਿੱਸਿਆਂ ‘ਚ ਹਲਕੀ ਧੁੱਪ ਨਿਕਲੀ ਪਰ ਤਾਪਮਾਨ ਆਮ ਨਾਲੋਂ ਘੱਟ ਰਿਹਾ। ਦੇਹਰਾਦੂਨ ਦਾ ਵੱਧ ਤੋਂ ਵੱਧ ਤਾਪਮਾਨ 18.1 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਰਿਹਾ।