ਨਵੀਂ ਦਿੱਲੀ (ਪੀਟੀਆਈ) : ਅਯੁੱਧਿਆ ਵਿਚ ਵਿਵਾਦਤ ਥਾਂ ’ਤੇ ਰਾਮ ਮੰਦਰ ਦੇ ਨਿਰਮਾਣ ਦਾ ਰਸਤਾ ਖੋਲ੍ਹਣ ਵਾਲੀ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦਾ ਹਿੱਸਾ ਰਹੇ ਜਸਟਿਸ ਡੀਵਾਈ ਚੰਦਰਚੂੜ ਸਮੇਤ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਸਰਕਾਰੀ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਮੌਜੂਦਾ ਚੀਫ ਜਸਟਿਸ ਚੰਦਰਚੂੜ ਤੋਂ ਇਲਾਵਾ ਤਤਕਾਲੀ ਚੀਫ ਜਸਟਿਸ ਰੰਜਨ ਗੋਗੋਈ ਤੇ ਸਾਬਕਾ ਚੀਫ ਜਸਟਿਸ ਐੱਸਏ ਬੋਬਡੇ, ਸਾਬਕਾ ਜਸਟਿਸ ਅਸ਼ੋਕ ਭੂਸ਼ਣ ਤੇ ਐੱਸ ਅਬਦੁੱਲ ਨਜ਼ੀਰ ਉਸ ਬੈਂਚ ਦਾ ਹਿੱਸਾ ਸਨ, ਜਿਸ ਨੇ ਨੌ ਨਵੰਬਰ 2019 ਨੂੰ ਇਹ ਇਤਿਹਾਸਕ ਫ਼ੈਸਲਾ ਸੁਣਾਇਆ ਸੀ। ਪ੍ਰਾਣ ਪ੍ਰਤਿਸ਼ਠਾ ਲਈ ਸੱਦੇ ਗਏ ਲੋਕਾਂ ਵਿਚ 50 ਤੋਂ ਜ਼ਿਆਦਾ ਸਾਬਕਾ ਜੱਜ ਤੇ ਸੀਨੀਅਰ ਵਕੀਲ ਸ਼ਾਮਲ ਹਨ। ਰਾਮਲਲਾ ਦੇ ਵਕੀਲ ਕੇ. ਪਾਰਾਸਰਨ ਤੋਂ ਇਲਾਵਾ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਤੇ ਸਾਬਕਾ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਵੀ ਸ਼ਾਮਲ ਹਨ।