ਨਵੀਂ ਦਿੱਲੀ (ਪੀਟੀਆਈ) : ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਨੇ ਮੰਗਲਵਾਰ ਨੂੰ ਤੈਅ ਕੀਤਾ ਹੈ ਕਿ ਉਹ ਮੁਅੱਤਲੀ ਹਟਵਾਉਣ ਲਈ ਖੇਡ ਮੰਤਰਾਲੇ ਨਾਲ ਗੱਲ ਕਰੇਗਾ ਤੇ ਇਹ ਵੀ ਕਿਹਾ ਕਿ ਫ਼ਿਲਹਾਲ ਉਹ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦਾ ਪਰ ਗੱਲਬਾਤ ਨਾਕਾਮ ਰਹਿਣ ’ਤੇ ਕਾਨੂੰਨੀ ਬਦਲਾਂ ’ਤੇ ਵਿਚਾਰ ਕੀਤਾ ਜਾਵੇਗਾ।

ਡਬਲਯੂਐੱਫਆਈ ਨੇ ਪਹਿਲਾਂ ਕਿਹਾ ਸੀ ਕਿ ਮੁਅੱਤਲੀ ਹਟਵਾਉਣ ਲਈ ਉਹ ਕਾਨੂੰਨ ਦੀ ਸ਼ਰਨ ਲਵੇਗਾ ਪਰ ਆਪਣੀ ਕਾਰਜਕਾਰੀ ਕੌਂਸਲ ਦੀ ਬੈਠਕ ਵਿਚ ਉਸ ਨੇ ਵਿਚਾਰ ਬਦਲ ਦਿੱਤਾ। ਬੈਠਕ ਦੀ ਪ੍ਰਧਾਨਗੀ ਡਬਲਯੂਐੱਫਆਈ ਪ੍ਰਧਾਨ ਸੰਜੇ ਸਿੰਘ ਨੇ ਕੀਤੀ ਜਿਸ ਵਿਚ 12 ਹੋਰ ਚੁਣੇ ਹੋਏ ਮੈਂਬਰਾਂ ਨੇ ਹਿੱਸਾ ਲਿਆ। ਸੰਜੇ ਸਿੰਘ ਨੇ ਬੈਠਕ ਤੋਂ ਬਾਅਦ ਕਿਹਾ ਕਿ ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ। ਅਸੀਂ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾ ਰਹੇ ਹਾਂ। ਅਸੀਂ ਮੰਤਰਾਲੇ ਤੋਂ ਸਮਾਂ ਮੰਗਾਂਗੇ ਤੇ ਸਰਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਮੁਅੱਤਲੀ ਹਟਵਾਉਣ ਲਈ ਕੀ ਕਰਨਾ ਪਵੇਗਾ। ਯੂਡਬਲਯੂਡਬਲਯੂ ਨੇ ਮੁਅੱਤਲੀ ਦੇ ਸਮੇਂ ਕੁਝ ਸ਼ਰਤਾਂ ਰੱਖੀਆਂ ਸਨ। ਮੁਅੱਤਲੀ ਦਾ ਕਾਰਨ ਚੋਣਾਂ ਨਾ ਕਰਵਾਉਣਾ ਸੀ। ਸਰਕਾਰ ਨੇ ਸਾਨੂੰ ਮੁਅੱਤਲ ਕੀਤਾ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਮੁਅੱਤਲੀ ਕਿਵੇਂ ਹਟੇਗੀ।