ਜੈਪੁਰ : ਰਾਜਸਥਾਨ ’ਚ ਅਲਵਰ ਜ਼ਿਲ੍ਹੇ ਦੇ ਢੀਗਾਵਾੜਾ ਰੇਲਵੇ ਸਟੇਸ਼ਨ ਦੇ ਨੇੜੇ ਟ੍ਰੈਕ ’ਤੇ ਟ੍ਰੇਨ ਦੀ ਲਪੇਟ ’ਚ ਆਉਣ ਨਾਲ 11 ਗਾਵਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਇਸ ਘਟਨਾ ਤੋਂ ਬਾਅਦ ਕੁਝ ਦੇਰ ਤੱਕ ਰੇਲ-ਮਾਰਗ ’ਚ ਅੜਿੱਕਾ ਰਿਹਾ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਰੇਲਵੇ ਦੇ ਅਧਿਕਾਰੀਆਂ ਨੇ ਗਾਵਾਂ ਨੂੰ ਟ੍ਰੈਕ ਤੋਂ ਹਟਵਾਇਆ ਤਦ ਆਵਾਜਾਈ ਸ਼ੁਰੂ ਹੋ ਸਕੀ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਪੰਜ ਵਜੇ ਸੰਘਣੀ ਧੁੰਦ ਕਾਰਨ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਗਾਵਾਂ ਦੀ ਮੌਤ ਹੋਈ। ਮੰਨਿਆ ਜਾ ਰਿਹਾ ਹੈ ਕਿ ਚਾਲਕ ਨੂੰ ਗਾਵਾਂ ਨਹੀਂ ਦਿਸੀਆਂ। ਇਹ ਵੀ ਹੋ ਸਕਦਾ ਹੈ ਕਿ ਗਾਵਾਂ ਅਚਾਨਕ ਟ੍ਰੈਕ ’ਤੇ ਆ ਗਈਆਂ ਹੋਣ ਤੇ ਹਾਦਸਾ ਹੋ ਗਿਆ। ਰੇਲਵੇ ਸਟੇਸ਼ਨ ਮਾਸਟਰ ਮੋਹਨ ਲਾਲ ਮੀਣਾ ਨੇ ਦੱਸਿਆ ਕਿ ਗਾਵਾਂ ਨੂੰ ਟ੍ਰੈਕ ਤੋਂ ਹਟਵਾ ਕੇ ਦਫ਼ਨਾਇਆ ਗਿਆ ਹੈ।