ਜਾ.ਸ, ਲਖਨਊ : ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ 71 ਸਾਲ ਦੀ ਉਮਰ ’ਚ ਐਤਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਰਾਣਾ ਸੰਜੇ ਗਾਂਧੀ ਪੀਜੀਆਈ ਹਸਪਤਾਲ ’ਚ ਦਾਖ਼ਲ ਸਨ। ਸੋਮਵਾਰ ਨੂੰ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਮੁਨੱਵਰ ਰਾਣਾ ਉਰਦੂ ਸਾਹਿਤ ਦੇ ਵੱਡਾ ਨਾਂ ਸੀ। 26 ਨਵੰਬਰ 1952 ਨੂੰ ਰਾਏ ਬਰੇਲੀ ’ਚ ਪੈਦਾ ਹੋਏ ਰਾਣਾ ਨੂੰ 2014 ’ਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਉਹ ਆਪਣੀ ਬੇਬਾਕ ਬਿਆਨਬਾਜ਼ੀ ਲਈ ਵੀ ਜਾਣੇ ਜਾਂਦੇ ਸਨ। ਕਿਡਨੀ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਗ੍ਰਸਤ ਰਾਣਾ ਨੂੰ ਗੰਭੀਰ ਹਾਲਤ ’ਚ ਬੀਤੇ ਮੰਗਲਵਾਰ ਨੂੰ ਆਈਸੀਯੂ ’ਚ ਦਾਖ਼ਲ ਕੀਤਾ ਗਿਆ ਸੀ। ਉਹ ਲੰਬੇ ਸਮੇਂ ਤੋਂ ਡਾਇਲਸਿਸ ’ਤੇ ਸਨ। ਫੇਫੜਿਆਂ ’ਚ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਵੈਂਟੀਲੈਟਰ ’ਤੇ ਰੱਖਿਆ ਗਿਆ ਸੀ। ਐਤਵਾਰ ਸ਼ਾਮ ਨੂੰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਲੱਗੀ ਸੀ। ਰਾਤ ਕਰੀਬ 11 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।