ਵੈੱਬ ਡੈਸਕ : ਮੋਦੀ ਸਰਕਾਰ ਅਸੰਗਠਿਤ ਖੇਤਰ ਦੇ ਮਜ਼ਦੂਰਾਂ, ਐਮਾਜ਼ਾਨ, ਫਲਿੱਪਕਾਰਟ, ਜ਼ੋਮੈਟੋ-ਸਵਿਗੀ, ਓਲਾ-ਉਬੇਰ ਵਰਗੀਆਂ ਈ-ਕਾਮਰਸ ਕੰਪਨੀਆਂ ਵਿੱਚ ਪਾਰਟ ਟਾਈਮ ਕੰਮ ਕਰਨ ਵਾਲੇ ਲੋਕਾਂ ਲਈ ਬਹੁਤ ਖੁਸ਼ਖਬਰੀ ਦੇਣ ਜਾ ਰਹੀ ਹੈ। ਦਰਅਸਲ, ਕੇਂਦਰ ਸਰਕਾਰ ਗਿਗ ਅਤੇ ਪਲੇਟਫਾਰਮ ਵਰਕਰ ਕਾਨੂੰਨ ਲਿਆਉਣ ਜਾ ਰਹੀ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਹ ਮਜ਼ਦੂਰ ਅਤੇ ਪਾਰਟ ਟਾਈਮ ਨੌਕਰੀ ਕਰਨ ਵਾਲੇ ਲੋਕ ਵੀ ESI ਅਤੇ ਦੁਰਘਟਨਾ ਬੀਮੇ ਦਾ ਲਾਭ ਲੈ ਸਕਣਗੇ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਵੱਡੀਆਂ ਈ-ਕਾਮਰਸ ਕੰਪਨੀਆਂ ਵਿੱਚ 4 ਤੋਂ 5 ਘੰਟੇ ਤੱਕ ਡਿਲੀਵਰੀ ਬੁਆਏ ਤੇ ਡਰਾਈਵਰ ਦੇ ਰੂਪ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਹੁਣ ਕਰਮਚਾਰੀ ਰਾਜ ਭਵਿੱਖ ਨਿਧੀ ਯੋਜਨਾ ਦੇ ਤਹਿਤ ਹਰ ਤਰ੍ਹਾਂ ਦੇ ਲਾਭ ਮਿਲਣਗੇ।

10 ਕਰੋੜ ਲੋਕਾਂ ਨੂੰ ਮਿਲੇਗਾ ਲਾਭ

ਈ-ਸ਼੍ਰਮ ਪੋਰਟਲ ਦੇ ਅਨੁਸਾਰ, ਦੇਸ਼ ਵਿੱਚ ਫ੍ਰੀਲਾਂਸ ਜਾਂ ਥਰਡ ਪਾਰਟੀ ਸੰਪਰਕਾਂ ‘ਤੇ ਕੰਮ ਕਰਨ ਵਾਲੇ ਕਾਮਿਆਂ ਦੀ ਗਿਣਤੀ ਇਸ ਸਮੇਂ ਲਗਭਗ 10 ਕਰੋੜ ਹੈ। ਰੋਜ਼ਾਨਾ 2 ਤੋਂ 4 ਘੰਟੇ ਕੰਮ ਕਰਨ ਵਾਲੇ ਇਨ੍ਹਾਂ ਮਜ਼ਦੂਰਾਂ ਨੂੰ ਫਿਲਹਾਲ ਕੋਈ ਲਾਭ ਨਹੀਂ ਮਿਲ ਰਿਹਾ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਕਾਮਿਆਂ ਨੂੰ EPF ਅਤੇ ESIC ਵਰਗੀਆਂ ਸਹੂਲਤਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।

ਅਗਲੇ ਬਜਟ ਸੈਸ਼ਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਹ ਕਾਨੂੰਨ

ਅਮਰੀਕਾ ਦੀ ਤਰਜ਼ ‘ਤੇ ਹੁਣ ਭਾਰਤ ‘ਚ ਵੀ ਅਜਿਹੇ ਮਜ਼ਦੂਰਾਂ ਨੂੰ ESI ਦੇ ਨਾਲ ਐਕਸੀਡੈਂਟਲ ਇੰਸ਼ੋਰੈਂਸ ਦਾ ਲਾਭ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕਿਰਤ ਮੰਤਰਾਲੇ ਨੇ ਇੱਕ ਡਰਾਫਟ ਤਿਆਰ ਕਰਕੇ ਵਿੱਤੀ ਮਨਜ਼ੂਰੀ ਲਈ ਵਿੱਤ ਮੰਤਰਾਲੇ ਨੂੰ ਭੇਜਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਸੰਸਦ ਦੇ ਅਗਲੇ ਬਜਟ ਸੈਸ਼ਨ ‘ਚ ਇਸ ਕਾਨੂੰਨ ਨੂੰ ਪੇਸ਼ ਕਰ ਸਕਦੀ ਹੈ।

ਬੀਮੇ ਦੇ ਲਾਭ ਘੰਟੇ ਦੇ ਆਧਾਰ ‘ਤੇ ਹੋਣਗੇ ਉਪਲਬਧ

ਗਿਗ ਅਤੇ ਪਲੇਟਫਾਰਮ ਲੇਬਰ ਐਕਟ ਦੇ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਇਸ ਨਵੇਂ ਕਾਨੂੰਨ ‘ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਈ-ਕਾਮਰਸ ਕੰਪਨੀਆਂ ‘ਚ ਮਹੀਨੇ ‘ਚ ਘੱਟੋ-ਘੱਟ 90 ਘੰਟੇ, 120 ਘੰਟੇ ਜਾਂ 160 ਘੰਟੇ ਕੰਮ ਕਰਦਾ ਹੈ ਤਾਂ ਈਐੱਸਆਈ ਅਤੇ ਦੁਰਘਟਨਾ ਬੀਮਾ ਦਾ ਲਾਭ ਘੰਟਿਆਂ ਦੇ ਹਿਸਾਬ ਨਾਲ ਤੈਅ ਕੀਤਾ ਜਾਵੇਗਾ।

ਦੇਸ਼ ਦੇ ਕਈ ਰਾਜਾਂ ਵਿੱਚ ਇਸ ਕਾਨੂੰਨ ਦੀ ਮੰਗ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਰਾਜਸਥਾਨ ਸਰਕਾਰ ਨੇ ਵੀ ਆਪਣੇ ਰਾਜ ਵਿੱਚ ਗਿਗ ਵਰਕਰਜ਼ ਐਕਟ 2023 ਲਾਗੂ ਕੀਤਾ ਸੀ। ਮਹਾਰਾਸ਼ਟਰ ਵਿੱਚ ਵੀ ਅਜਿਹਾ ਕਾਨੂੰਨ ਲਾਗੂ ਕਰਨ ਦੀ ਗੱਲ ਚੱਲ ਰਹੀ ਹੈ। ਦਿੱਲੀ ਵਿੱਚ ਵੀ ਓਲਾ-ਉਬੇਰ ਵਰਗੀਆਂ ਕੰਪਨੀਆਂ ਦੇ ਡਰਾਈਵਰਾਂ ਨੇ ਇਸ ਸਬੰਧੀ ਦਿੱਲੀ ਸਰਕਾਰ ਤੋਂ ਮੰਗ ਕੀਤੀ ਸੀ।