ਰਾਕੇਸ਼ ਕੁਮਾਰ ਸਿੰਘ, ਨਵੀਂ ਦਿੱਲੀ : 22 ਜਨਵਰੀ ਨੂੰ ਅਯੁੱਧਿਆ ’ਚ ਰਾਮਲਲਾ ਦੇ ਵਿਗ੍ਰਹਿ ਦੀ ਪ੍ਰਾਣ ਪ੍ਰਤਿਸ਼ਠਾ ਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਅੱਤਵਾਦੀ ਖਤਰੇ ਦਾ ਖਦਸ਼ਾ ਜ਼ਿਆਦਾ ਹੋਣ ਕਾਰਨ ਦਿੱਲੀ ਪੁਲਿਸ ਰਾਜਧਾਨੀ ’ਚ ਸੁਰੱਖਿਆ ਬੰਦੋਬਸਤ ਲਈ ਰੱਖਿਆ ਮੰਤਰਾਲੇ, ਨੀਮ ਫ਼ੌਜੀ ਦਸਤਿਆਂ ਤੇ ਕੇਂਦਰੀ ਏਜੰਸੀਆਂ ਨਾਲ ਲੱਗੀ ਹੋਈ ਹੈ। ਪੁਖਤਾ ਸੁਰੱਖਿਆ ਵਿਵਸਥਾ ਤਹਿਤ ਕਿਊਆਰ ਕੋਡ ਤੇ ਐਪ ਰਾਹੀਂ ਚੌਕਸੀ ਵਰਤੀ ਜਾਵੇਗੀ। ਪਹਿਲੀ ਵਾਰੀ ਅਜਿਹਾ ਕਦਮ ਚੁੱਕਿਆ ਗਿਆ ਹੈ। ਇਸ ਨਾਲ ਸੁਰੱਖਿਆ ’ਚ ਕੁਤਾਹੀ ਦਾ ਖਦਸ਼ਾ ਨਾ ਦੇ ਬਰਾਬਰ ਰਹੇਗਾ।

ਸੂਤਰਾਂ ਮੁਤਾਬਕ, ਗਣਤੰਤਰ ਦਿਵਸ ’ਚ ਜਿਨ੍ਹਾਂ ਪੁਲਿਸ ਮੁਲਾਜ਼ਮਾਂ, ਨੀਮ ਫ਼ੌਜੀ ਦਸਤਿਆਂ, ਕੇਂਦਰੀ ਏਜੰਸੀਆਂ ਦੇ ਮੁਲਾਜ਼ਮਾਂ ਤੇ ਹੋਰਨਾਂ ਦੀ ਡਿਊਟੀ ਲਗਾਈ ਜਾਵੇਗੀ, ਉਨ੍ਹਾਂ ਦੇ ਪਛਾਣ ਪੱਤਰ ’ਚ ਕਿਊਆਰ ਕੋਡ ਹੋਵੇਗਾ। ਪਿਛਲੇ ਗਣਤੰਤਰ ਦਿਵਸ ਤਕ ਜਾਰੀ ਪਛਾਣ ਪੱਤਰ ’ਚ ਮੁਲਾਜ਼ਮ ਦੀ ਫੋਟੋ, ਨਾਂ, ਰੈਂਕ ਤੇ ਵਿਭਾਗ ਲਿਖਿਆ ਹੁੰਦਾ ਸੀ ਤੇ ਰੱਖਿਆ ਮੰਤਰਾਲੇ ਦੀ ਮੋਹਰ ਹੁੰਦੀ ਸੀ। ਇਸ ਵਾਰੀ ਪਛਾਣ ਪੱਤਰ ’ਚ ਮੁਲਾਜ਼ਮ ਦੀ ਫੋਟੋ, ਨਾਂ, ਰੈਂਕ ਤੇ ਵਿਭਾਗ ਦਾ ਨਾਂ ਤਾਂ ਹੋਵੇਗਾ, ਪਰ ਰੱਖਿਆ ਮੰਤਰਾਲੇ ਦੀ ਮੋਹਰ ਦੀ ਥਾਂ ਕਿਊਆਰ ਕੋਡ ਛਪਿਆ ਹੋਵੇਗਾ। ਇਸ ਕੋਡ ’ਚ ਮੁਲਾਜ਼ਮ ਦੀ ਪੂਰੀ ਜਾਣਕਾਰੀ ਦਰਜ ਹੋਵੇਗੀ। ਸੁਰੱਖਿਆ ਲਈ ਕਈ ਜ਼ੋਨ ਬਣਾਏ ਜਾਣਗੇ। ਅਜਿਹੀ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਮੁਲਾਜ਼ਮ ਆਪਣੇ ਜ਼ੋਨ ਨੂੰ ਛੱਡ ਕੇ ਦੂਜੇ ਜ਼ੋਨ ’ਚ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਤੁਰੰਤ ਰੱਖਿਆ ਮੰਤਰਾਲੇ ਦੇ ਕੰਟਰੋਲ ਰੂਮ ’ਚ ਅਲਰਟ ਆ ਜਾਵੇਗਾ ਤੇ ਉਸ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।