ਪੰਜਾਬੀ ਜਾਗਰਣ ਕੇਂਦਰ, ਨਵੀਂ ਦਿੱਲੀ : ਮਾਤਾ ਸੁੰਦਰੀ ਕਾਲਜ ਨਵੀਂ ਦਿੱਲੀ ਦੇ ਗਣਿਤ ਵਿਭਾਗ ਅਤੇ ਆਈਕਿਊਏਸੀ ਦੀ ਸਾਂਝੀ ਸਰਪ੍ਰਸਤੀ ਹੇਠ ‘ਇੰਟਰਨੈਸ਼ਨਲ ਕਾਨਫਰੰਸ ਆਨ ਮੈਥੇਮੈਟਿਕਸ ਐਂਡ ਐਪਲੀਕੇਸ਼ਨਜ਼’ ਨਾਮਕ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਹੋਈ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਇਟਲੀ, ਜਰਮਨੀ, ਤੁਨੀਸ਼ੀਆ, ਆਈਆਈਟੀ ਦਿੱਲੀ, ਡੀਆਰਡੀਓ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਕਾਨਫਰੰਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਚਾਂਸਲਰ ਡਾ. ਪ੍ਰਿਯਰੰਜਨ ਤ੍ਰਿਵੇਦੀ, ਪ੍ਰੈਜ਼ੀਡੈਂਟ ਅਤੇ ਪਲੇਨੀਪੋਟੈਂਸ਼ਰੀ, ਕਨਫੈਡਰੇਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਅਤੇ ਅਲੀ ਬਕਾਲੋਤੀ (ਤੁਨੀਸ਼ੀਆ) ਅਤੇ ਸਟੀਫਾਨੋ ਇਨਾਮੋਰਾਤੀ (ਇਟਲੀ) ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ।

ਕਾਨਫਰੰਸ ਵਿੱਚ ਸ਼ਾਮਲ ਹੋਏ ਵੱਖ-ਵੱਖ ਨਾਮਵਰ ਬੁਲਾਰਿਆਂ ਵਿੱਚ ਅਲੀ ਬਕਾਲੋਤੀ (ਤੁਨੀਸ਼ੀਆ), ਫੁਲਵੀਓ ਜੁਆਨੀ (ਇਟਲੀ), ਸਟੀਫਾਨੋ ਇਨਾਮੋਰਾਤੀ (ਇਟਲੀ), ਇਸ਼ਟਰੋਫ (ਜਰਮਨੀ), ਸਮੀਰ ਚੌਹਾਨ (ਆਈਆਈਟੀ ਕਾਨਪੁਰ), ਐੱਸਕੇ ਪਾਲ (ਡੀਆਰਡੀਓ), ਆਰਕੇ ਮੋਹੰਤੀ (ਐੱਸਏਯੂ) ਨੇ ਵੱਖ-ਵੱਖ ਖੇਤਰਾਂ ਵਿੱਚ ਗਣਿਤਿਕ ਕਾਰਜਾਂ ਬਾਰੇ ਚਰਚਾ ਕੀਤੀ।

ਕਾਨਫਰੰਸ ਦਾ ਉਦੇਸ਼ ਇੱਕ ਗਤੀਸ਼ੀਲ ਅਤੇ ਪ੍ਰੇਰਨਾਦਾਇਕ ਮਾਹੌਲ ਬਣਾਉਣਾ ਸੀ ਜੋ ਗਣਿਤ ਨਾਲ ਸਬੰਧਤ ਸੰਕਲਪਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦਾ ਹੈ। ਕਾਨਫਰੰਸ ਦੇ ਸਮਾਪਤੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਡੀਨ ਐਡਮਿਸ਼ਨ ਪ੍ਰੋਫੈਸਰ ਹਨੀਤ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਕਾਨਫਰੰਸ ਦੇ ਆਯੋਜਨ ਸਮਿਤੀ ਵਿੱਚ ਆਈਕਿਊਏਸੀ ਦੇ ਡਾਇਰੈਕਟਰ ਡਾ. ਲੋਕੇਸ਼ ਕੁਮਾਰ ਗੁਪਤਾ, ਕਾਨਫਰੰਸ ਦੀ ਕਨਵੀਨਰ ਡਾ. ਰਸ਼ਮੀ ਵਰਮਾ, ਕੋ- ਕਨਵੀਨਰ ਡਾ. ਪ੍ਰੀਤੀ, ਆਯੋਜਨ ਸਕੱਤਰ ਗੁਰਪ੍ਰੀਤ ਕੌਰ ਅਤੇ ਪੂਰੇ ਗਣਿਤ ਵਿਭਾਗ ਨੇ ਆਪਣੀ ਵਿਸ਼ੇਸ਼ ਭੂਮਿਕਾ ਅਦਾ ਕੀਤੀ।