ਜਾ.ਸ, ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ’ਚ ਹੋਏ ਦਿਵਿਆ ਪਾਹੂਜਾ ਹੱਤਿਆਕਾਂਡ ’ਚ ਦਸ ਦਿਨ ਬਾਅਦ ਗੁਰੂਗ੍ਰਾਮ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕਰਾਈਮ ਬ੍ਰਾਂਚ ਦੀ ਇਕ ਟੀਮ ਨੇ ਦਿਵਿਆ ਦੀ ਲਾਸ਼ ਨਾਲ ਫ਼ਰਾਰ ਹੋਏ ਮੋਹਾਲੀ ਵਾਸੀ ਮੁਲਜ਼ਮ ਬਲਰਾਜ ਗਿੱਲ ਨੂੰ ਬੰਗਾਲ ਦੇ ਹਾਵੜਾ ਹਵਾਈ ਅੱਡੇ ਤੋਂ ਵੀਰਵਾਰ ਸ਼ਾਮ ਕਾਬੂ ਕਰ ਲਿਆ। ਉਹ ਵਿਦੇਸ਼ ਭੱਜਣ ਦੀ ਤਿਆਰੀ ’ਚ ਸੀ। ਟੀਮ ਉਸ ਨੂੰ ਲੈ ਕੇ ਗੁਰੂਗ੍ਰਾਮ ਜਾਵੇਗੀ। ਸ਼ੁੱਕਰਵਾਰ ਨੂੰ ਪੁੱਛਗਿੱਛ ਦੌਰਾਨ ਉਸ ਕੋਲੋਂ ਦਿਵਿਆ ਦੀ ਲਾਸ਼ ਬਾਰੇ ਪਤਾ ਲੱਗ ਸਕੇਗਾ। ਦੋ ਜਨਵਰੀ ਨੂੰ ਸ਼ਾਮ ਪੰਜ ਵਜੇ ਹੋਟਲ ਮਾਲਕ ਅਭਿਜੀਤ ਨੇ ਦਿਵਿਆ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਅਭਿਜੀਤ ਨੇ ਲਾਸ਼ ਨੂੰ ਬੀਐੱਮਡਬਲਿਊ ਕਾਰ ’ਚ ਪਾ ਕੇ ਬਲਰਾਜ ਗਿੱਲ ਤੇ ਰਵੀ ਨੂੰ ਟਿਕਾਣੇ ਲਾਉਣ ਲਈ ਭੇਜ ਦਿੱਤਾ ਸੀ। ਬਲਰਾਜ ਗਿੱਲ ਕਈ ਸਾਲਾਂ ਤੋਂ ਅਭਿਜੀਤ ਨਾਲ ਉਸ ਦੇ ਘਰ ਰਹਿ ਰਿਹਾ ਸੀ। ਅਭਿਜੀਤ ਨੇ ਦੋਵਾਂ ਨੂੰ ਲਾਸ਼ ਟਿਕਾਣੇ ਲਾਉਣ ਲਈ 10 ਲੱਖ ਰੁਪਏ ਦਿੱਤੇ ਸਨ। ਦੋਵਾਂ ਦੇ ਵਿਦੇਸ਼ ਭੱਜਣ ਦੇ ਖ਼ਦਸ਼ੇ ਨੂੰ ਦੇਖਦਿਆਂ ਗੁਰੂਗ੍ਰਾਮ ਪੁਲਿਸ ਨੇ ਬੁੱਧਵਾਰ ਨੂੰ ਹੀ ਦੋਵੇਂ ਮੁਲਜ਼ਮਾਂ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ। ਦੋਵਾਂ ’ਤੇ 50-50 ਹਜ਼ਾਰ ਰੁਪਏ ਦਾ ਨਾਂ ਵੀ ਐਲਾਨਿਆ ਗਿਆ ਸੀ। ਇਨ੍ਹਾਂ ਪਿੱਛੇ ਕਰਾਈਮ ਬ੍ਰਾਂਚ ਦੀਆਂ ਛੇ ਟੀਮਾਂ ਕਈ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਸਨ।