ਸਟੇਟ ਬਿਊਰੋ, ਮੁੰਬਈ : ਦੋ ਸੰਗਠਨਾਂ ਦੇ ਵਰਕਰਾਂ ਨੇ ਅਭਿਨੇਤਰੀ ਨਯਨਤਾਰਾ ਤੇ ਉਨ੍ਹਾਂ ਦੀ ਹੁਣੇ ਜਿਹੇ ਆਈ ਫਿਲਮ ‘ਅੰਨਪੂਰਨੀ’ ਨਾਲ ਸਬੰਧਤ ਹੋਰ ਲੋਕਾਂ ਖ਼ਿਲਾਫ਼ ਵੱਖ-ਵੱਖ ਸ਼ਿਕਾਇਤਾਂ ਦਰਜ ਕੀਤੀਆਂ ਹਨ। ਸ਼ਿਕਾਇਤਾਂ ’ਚ ਦੋਸ਼ ਲਗਾਇਆ ਗਿਆ ਹੈ ਕਿ ਇਸ ’ਚ ਕੁਝ ਦ੍ਰਿਸ਼ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।

ਪੁਲਿਸ ਸੂਤਰਾਂ ਮੁਤਾਬਕ ਸ਼ਿਕਾਇਤਾਂ ’ਚ ਦੋਸ਼ ਲਗਾਇਆ ਗਿਆ ਹੈ ਕਿ ਇਸ ਫਿਲਮ ’ਚ ਭਗਵਾਨ ਰਾਮ ਬਾਰੇ ਵਿਵਾਦਤ ਟਿੱਪਣੀ ਕੀਤੀ ਗਈ ਹੈ ਤੇ ‘ਲਵ ਜੇਹਾਦ’ ਨੂੰ ਬੜ੍ਹਾਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਵਾਦ ਵਧਣ ਤੋਂ ਬਾਅਦ ਇਸ ਫਿਲਮ ਨੂੰ ਓਟੀਟੀ ਪਲੇਟਫਾਰਮ ਨੈੱਟਫਲਿਕਸ ਤੋਂ ਹਟਾ ਦਿੱਤਾ ਗਿਆ ਹੈ। ਇਕ ਅਧਿਕਾਰੀ ਮੁਤਾਬਕ ਬਜਰੰਗ ਦਲ ਦੇ ਵਰਕਰਾਂ ਵੱਲੋਂ ਦੋ ਦਿਨ ਪਹਿਲਾਂ ਓਸ਼ੀਵਾਰਾ ਪੁਲਿਸ ਸਟੇਸ਼ਨ ’ਚ ਇਕ ਸ਼ਿਕਾਇਕ ਦਰਜ ਕਰਵਾਈ ਗਈ ਸੀ। ਇਸ ਸਬੰਧੀ ਜਾਂਚ ਚੱਲ ਰਹੀ ਹੈ। ਹਿੰਦੂ ਆਈਟੀ ਸੈੱਲ ਦੇ ਸੰਸਥਾਪਕ ਰਮੇਸ਼ ਸੋਲੰਕੀ ਨੇ ਵੀ ਦੱਖਣੀ ਮੁੰਬਈ ਦੇ ਲੋਕਮਾਨਿਆ ਤਿਲਕ ਮਾਰਗ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ।