ਵੰਡ ਦੇ ਦੁਖਾਂਤ ’ਤੇ ਬਣੀ ਇਕ ਅਜਿਹੀ ਫਿਲਮ, ਜਿਸ ਦੀ ਕਹਾਣੀ, ਗੀਤ, ਅਦਾਕਾਰੀ ਨੇ ਉਸ ਨੂੰ ਸਦਾਬਹਾਰ ਫਿਲਮਾਂ ਦੀ ਸ਼੍ਰੇਣੀ ਵਿਚ ਲਿਆ ਖੜ੍ਹਾ ਕੀਤਾ। ਨਾਲ ਹੀ ਉਸ ਨੂੰ ਪਹਿਲੀ ਰਾਸ਼ਟਰੀ ਐਵਾਰਡ ਜਿੱਤਣ ਵਾਲੀ ਫਿਲਮ ਬਣਨ ਦਾ ਵੀ ਮਾਣ ਹਾਸਲ ਹੋਇਆ, ਉਹ ਸੀ ‘ਚੌਧਰੀ ਕਰਨੈਲ ਸਿੰਘ’। ਇਸ ’ਚ 1947 ਤੋਂ ਪਹਿਲਾਂ ਦੇ ਪੰਜਾਬ ਅਤੇ ’47 ਦੀ ਵੰਡ ਵੇਲੇ ਦੇ ਖ਼ੂਨੀ ਹਾਲਾਤ ਨੂੰ ਬੇਹੱਦ ਸੂਖਮਤਾ ਨਾਲ ਪੇਸ਼ ਕੀਤਾ ਗਿਆ। ਹਿੰਦੂ, ਸਿੱਖ ਤੇ ਮੁਸਲਮਾਨਾਂ ਦੇ ਆਪਸੀ ਪਿਆਰ, ਭਾਈਚਾਰਕ ਸਾਂਝ ਨੂੰ ਬੇਹੱਦ ਕਲਾਤਮਕ ਤੇ ਭਾਵਨਾਤਮਕ ਤਰੀਕੇ ਨਾਲ ਪੇਸ਼ ਕਰਦੀ ਇਸ ਫਿਲਮ ਨੂੰ ਅੱਜ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਕਾਰਨ ਹੀ ਇਸ ਫਿਲਮ ਨੂੰ ਪੰਜਾਬੀ ਵਿਚ ਕਲਾਸਿਕ ਫਿਲਮ ਹੋਣ ਦਾ ਮਾਣ ਹਾਸਲ ਹੈ।

1962 ਵਿਚ ‘ਸਟਾਰ ਆਫ ਇੰਡੀਆ ਪਿਕਚਰਜ਼’ ਬੰਬੇ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਸਨ ਕਿ੍ਰਸ਼ਨ ਕੁਮਾਰ ਅਤੇ ਉਨ੍ਹਾਂ ਹੀ ਇਸ ਦਾ ਨਿਰਦੇਸ਼ਨ ਕੀਤਾ ਸੀ। ਸੰਗੀਤਕਾਰ ਹਰਬੰਸ ਜੀ ਦੀਆਂ ਬਣਾਈਆਂ ਖ਼ੂਬਸੂਰਤ ਧੁੰਨਾਂ ਨਾਲ ਸ਼ਿਗਾਰੀ ਇਸ ਫਿਲਮ ਵਿਚ 8 ਗੀਤ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਨੂੰ ਲਿਖਿਆ ਸੀ ਬੇਕਲ ਅੰਮਿ੍ਰਤਸਰੀ ਨੇ ਅਤੇ ਇਨ੍ਹਾਂ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਸਨ ਮੁਹੰਮਦ ਰਫ਼ੀ, ਆਸ਼ਾ ਭੌਂਸਲੇ, ਊਸ਼ਾ ਮੰਗੇਸ਼ਕਰ, ਸੁਰਿੰਦਰ ਕੋਹਲੀ, ਮੀਨੂੰ ਪ੍ਰਸ਼ੋਤਮ, ਸੁਮਨ ਕਲਿਆਣਪੁਰੀ ਅਤੇ ਐੱਸ ਬਲਬੀਰ ਨੇ। ਫਿਲਮ ਦੀ ਸ਼ੁਰੂਆਤ ਪੰਜਾਬ ਦੇ ਇਕ ਐਸੇ ਪਿੰਡ ਤੋਂ ਹੁੰਦੀ ਹੈ, ਜਿੱਥੋਂ ਦੇ ਵਸਨੀਕ ਹਿੰਦੂ, ਮੁਸਲਿਮ ਤੇ ਸਿੱਖ ਆਪਸ ਵਿਚ ਰਲ਼-ਮਿਲ ਕੇ ਰਹਿੰਦੇ ਹਨ। ਪਿੰਡ ਦਾ ਚੌਧਰੀ ਕਰਨੈਲ ਸਿੰਘ ਬਹੁਤ ਹੀ ਨੇਕਦਿਲ ਅਤੇ ਅਣਖੀ ਬੰਦਾ ਹੈ, ਜਿਸ ਦੀ ਸਾਰੇ ਬਹੁਤ ਇੱਜ਼ਤ ਕਰਦੇ ਹਨ। ਪਹਿਲੇ ਦਿ੍ਰਸ਼ ਵਿਚ ਚੌਧਰੀ ਕਰਨੈਲ ਸਿੰਘ ਨੂੰ ਵਿਖਾਇਆ ਗਿਆ ਹੈ, ਜੋ ਸ਼ੇਰੇ ਦੇ ਘਰ ਵੱਲ ਨੂੰ ਜਾ ਰਿਹਾ ਹੁੰਦਾ। ਉਹ ਸ਼ੇਰੇ ਬਾਰੇ ਪਤਾ ਕਰਨ ਜਾਂਦਾ ਕਿ ਉਹ ਘਰ ਆ ਗਿਆ ਕਿ ਨਹੀਂ। ਸ਼ੇਰਾ ਫ਼ੌਜ ਵਿਚੋਂ ਛੁੱਟੀ ਕੱਟਣ ਘਰ ਆ ਰਿਹਾ ਹੁੰਦਾ, ਜਿਸ ਨੂੰ ਸਟੇਸ਼ਨ ’ਤੇ ਉਸ ਦੇ ਦੋਸਤ ਫੱਤੂ ਤੇ ਟਾਂਗੇ ਵਾਲਾ ਮਾਮਾ ਲੈਣ ਗਏ ਹੁੰਦੇ ਹਨ।

ਅਗਲੇ ਦਿ੍ਰਸ਼ ਵਿਚ ਨਾਇਕਾ ਨਾਜ਼ੀ ਆਪਣੀਆਂ ਸਹੇਲੀਆਂ ਲਾਜੋ, ਜਮਾਲੋ ਨਾਲ ਖੇਤਾਂ ਵਿਚ ਗੀਤ ‘ਹਾਣੀਆ ਆ ਜਾ ਆ ਕੇ ਮੁੜ ਨਾ ਜਾਣ ਬਹਾਰਾਂ’ ਗਾ ਰਹੀ ਹੁੰਦੀ ਹੈ, ਜਿੱਥੇ ਉਸ ਦੀ ਮੁਲਾਕਾਤ ਸ਼ੇਰੇ ਨਾਲ ਹੁੰਦੀ ਹੈ। ਸ਼ੇਰੇ ਨੂੰ ਨਾਜ਼ੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਜਿਸ ਲਈ ਉਹ ਆਪਣੀ ਮਾਂ ਨੂੰ ਨਾਜ਼ੀ ਦੇ ਬਾਪ ਨਾਲ ਗੱਲ ਕਰਨ ਲਈ ਕਈ ਵਾਰ ਉਨ੍ਹਾਂ ਦੇ ਘਰ ਭੇਜਦਾ ਹੈ ਪਰ ਨਾਜ਼ੀ ਦਾ ਪਿਓ ਇਕ ਫ਼ੌਜੀ ਨਾਲ ਆਪਣੀ ਧੀ ਦਾ ਵਿਆਹ ਕਰਨ ਦੇ ਹੱਕ ਵਿਚ ਨਹੀਂ ਹੁੰਦਾ। ਉਹ ਆਪਣੀ ਰਿਸ਼ਤੇਦਾਰੀ ਵਿਚ ਕਿਸੇ ਹੋਰ ਨਾਲ ਉਸ ਦਾ ਰਿਸ਼ਤਾ ਪੱਕਾ ਕਰ ਚੁੱਕਾ ਹੁੰਦਾ ਹੈ। ਜਦੋਂ ਸ਼ੇਰੇ ਤੇ ਨਾਜ਼ੀ ਨੂੰ ਇਸ ਦਾ ਪਤਾ ਲੱਗਦਾ ਤਾਂ ਦੋਵੇਂ ਬਹੁਤ ਦੁਖੀ ਹੁੰਦੇ ਪਰ ਲਾਜੋ ਦੇ ਮਾਮੇ ਮੂਲਚੰਦ ਤੇ ਚੌਧਰੀ ਕਰਨੈਲ ਸਿੰਘ ਦੇ ਜ਼ੋਰ ਦੇਣ ’ਤੇ ਫ਼ਜ਼ਲਦੀਨ ਉਸ ਦਾ ਵਿਆਹ ਸ਼ੇਰੇ ਨਾਲ ਕਰਨ ਲਈ ਰਾਜ਼ੀ ਹੋ ਜਾਂਦਾ ਹੈ। ਸ਼ੇਰੇ ਤੇ ਨਾਜ਼ੀ ਦੇ ਵਿਆਹ ਵਿਚ ਚੌਧਰੀ ਕਰਨੈਲ ਸਿੰਘ ਦਾ ਵਿਗੜਿਆ ਮੁੰਡਾ ਬੂਟਾ ਸਿੰਘ ਅੜਚਣਾਂ ਪੈਦਾ ਕਰਦਾ ਹੈ। ਇਸ ਦਾ ਕਾਰਨ ਹੁੰਦਾ ਹੈ ਕਿ ਬੂਟਾ ਸ਼ੇਰੇ ਤੋਂ ਇਕ ਵੇਲੇ ਹੋਈ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ।

ਦੇਸ਼ ਦੀ ਵੰਡ ਹੋ ਜਾਂਦੀ, ਹਰ ਪਾਸੇ ਕੋਹਰਾਮ ਮਚ ਜਾਂਦਾ। ਚੌਧਰੀ ਕਰਨੈਲ ਸਿੰਘ ਦਾ ਪਿੰਡ ਚੜ੍ਹਦੇ ਪੰਜਾਬ ਵੱਲ ਆ ਜਾਂਦਾ। ਚੌਧਰੀ ਨੂੰ ਆਪਣੇ ਪਿੰਡ ਵਾਲਿਆਂ ’ਤੇ ਭਰੋਸਾ ਹੁੰਦਾ ਕਿ ਉਹ ਪਿੰਡ ਵਿਚ ਵਸਦੇ ਮੁਸਲਮਾਨਾਂ ਨੂੰ ਤੱਤੀ ਵਾਅ ਵੀ ਨਹੀਂ ਲੱਗਣ ਦੇਣਗੇ ਪਰ ਉਸ ਦੇ ਪਿੰਡ ’ਤੇ ਫਿਰਕੂ ਜਨੂੰਨੀਆਂ ਦੀਆਂ ਭੀੜਾਂ ਹਮਲਾ ਕਰ ਦਿੰਦੀਆਂ। ਸ਼ੇਰਾ, ਉਸ ਦੀ ਮਾਂ, ਫੱਤੂ, ਜਮਾਲੋ ਅਤੇ ਜਮਾਲੋ ਦੀ ਅੰਨ੍ਹੀ ਮਾਂ ਜਾਨ ਬਚਾ ਕੇ ਪਿੰਡ ’ਚੋਂ ਨਿਕਲ ਜਾਂਦੇ। ਨਾਜ਼ੀ ਨੂੰ ਲਾਜੋ ਬਚਾ ਕੇ ਚੌਧਰੀ ਦੇ ਘਰ ਛੱਡ ਆਉਂਦੀ। ਚੌਧਰੀ ਜਦੋਂ ਨਾਜ਼ੀ ਦੇ ਬਾਪ ਫ਼ਜ਼ਲਦੀਨ ਨੂੰ ਵੇਖਣ ਜਾਂਦਾ ਤਾਂ ਉਸ ਨੂੰ ਉਹ ਜ਼ਖ਼ਮੀ ਹਾਲਤ ਵਿਚ ਮਿਲਦਾ। ਫ਼ਜ਼ਲਦੀਨ ਮਰਦੇ ਸਮੇਂ ਚੌਧਰੀ ਕੋਲੋਂ ਵਚਨ ਲੈਂਦਾ ਕਿ ਉਹ ਨਾਜ਼ੀ ਨੂੰ ਆਪਣੀ ਧੀ ਬਣਾ ਕੇ ਡੋਲੀ ਤੋਰੇਗਾ।

ਛੇ ਮਹੀਨੇ ਨਾਜ਼ੀ ਚੌਧਰੀ ਦੇ ਘਰ ਉਸ ਦੀ ਧੀ ਬਣ ਕੇ ਰਹਿੰਦੀ। ਚੌਧਰੀ ਸ਼ੇਰੇ ਨੂੰ ਲੱਭਣ ਦੀਆਂ ਅਣਥੱਕ ਕੋਸ਼ਿਸ਼ਾਂ ਕਰਦਾ ਪਰ ਉਸ ਦਾ ਕੁਝ ਪਤਾ ਨਹੀਂ ਲੱਗਦਾ। ਬੂਟਾ ਚਲਾਕੀ ਨਾਲ ਸ਼ੇਰੇ ਵੱਲੋਂ ਚੌਧਰੀ ਨੂੰ ਪਾਇਆ ਹਰ ਖ਼ਤ ਗ਼ਾਇਬ ਕਰ ਰਿਹਾ ਹੁੰਦਾ। ਅਖ਼ੀਰ ਸ਼ੇਰੇ ਦੀ ਪਾਈ ਇਕ ਤਾਰ ਚੌਧਰੀ ਨੂੰ ਮਿਲ ਜਾਂਦੀ। ਘਰ ਵਿਚ ਖ਼ੁਸ਼ੀ ਦਾ ਮਾਹੌਲ ਬਣ ਜਾਂਦਾ ਤੇ ਇਕ ਵਾਰ ਫਿਰ ਸ਼ੇਰੇ ਤੇ ਨਾਜ਼ੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਪਰ ਜਦੋਂ ਬੂਟੇ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਨਾਜ਼ੀ ਨੂੰ ਅਗਵਾ ਕਰਨ ਦੀ ਯੋਜਨਾ ਬਣਾਉਦਾ ਹੈ। ਚੌਧਰੀ ਕਰਨੈਲ ਸਿੰਘ ਉਸ ਨੂੰ ਇੰਝ ਨਾ ਕਰਨ ਤੋਂ ਵਰਜਦਾ ਪਰ ਜਦੋਂ ਉਹ ਨਾ ਹਟਿਆ ਤਾਂ ਚੌਧਰੀ ਉਸ ਨੂੰ ਗੋਲ਼ੀ ਮਾਰ ਦਿੰਦਾ ਹੈ ਪਰ ਬੂਟੇ ਨੂੰ ਨਾਜ਼ੀ ਦੀ ਸਹੇਲੀ ਲਾਜੋ ਆਪਣੀ ਬਾਂਹ ’ਤੇ ਗੋਲ਼ੀ ਖਾ ਕੇ ਬਚਾ ਲੈਂਦੀ। ਇਸ ਦਰਮਿਆਨ ਬੂਟੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਤੇ ਅਖ਼ੀਰ ਚੌਧਰੀ ਕਰਨੈਲ ਸਿੰਘ ਬਾਬਲ ਬਣ ਕੇ ਬੜੀ ਧੂਮਧਾਮ ਨਾਲ ਨਾਜ਼ੀ ਦਾ ਵਿਆਹ ਸ਼ੇਰੇ ਨਾਲ ਕਰ ਕੇ ਉਸ ਨੂੰ ਪਾਕਿਸਤਾਨ ਭੇਜ ਦਿੰਦਾ। ਇਸ ਤਰ੍ਹਾਂ ਫਿਲਮ ਧੀ ਦੀ ਵਿਦਾਈ ਮੌਕੇ ਮੁਹੰਮਦ ਰਫ਼ੀ ਦੇ ਗਾਏ ਇਕ ਵਿਦਾਈ ਗੀਤ ‘ਘਰ ਬਾਬਲ ਦਾ ਛੱਡ ਕੇ ਧੀਏ’ ਨਾਲ ਸਮਾਪਤ ਹੁੰਦੀ।

ਸ਼ੇਰੇ ਦੀ ਭੂਮਿਕਾ ’ਚ ਪ੍ਰੇਮ ਚੋਪੜਾ

ਫਿਲਮ ’ਚ ਚੌਧਰੀ ਕਰਨੈਲ ਸਿੰਘ ਦੀ ਮੁੱਖ ਭੂਮਿਕਾ ਅਦਾ ਕੀਤੀ ਸੀ ਅਦਾਕਾਰ ਜਗਦੀਸ਼ ਸੇਠੀ ਨੇ ਅਤੇ ਨਾਇਕ ਸ਼ੇਰੇ ਦੀ ਭੂਮਿਕਾ ’ਚ ਨਜ਼ਰ ਆਏ ਸਨ ਅਦਾਕਾਰ ਪ੍ਰੇਮ ਚੋਪੜਾ। ਬਤੌਰ ਅਦਾਕਾਰ ਪ੍ਰੇਮ ਚੋਪੜਾ ਦੀ ਇਹ ਪਹਿਲੀ ਫਿਲਮ ਸੀ ਅਤੇ ਇਸ ਜ਼ਰੀਏ ਹੀ ਉਨ੍ਹਾਂ ਦੀ ਫਿਲਮੀ ਪਾਰੀ ਦੀ ਸ਼ੁਰੂਆਤ ਹੋਈ ਸੀ। ਨਾਇਕਾ ਨਾਜ਼ੀ ਦਾ ਕਿਰਦਾਰ ਅਦਾਕਾਰਾ ਜ਼ੁਬੀਨ ਨੇ ਅਤੇ ਖਲਨਾਇਕ ਵਜੋਂ ਮਦਨ ਪੁਰੀ ਨੇ ਭੂਮਿਕਾ ਨਿਭਾਈ ਸੀ। ਬਾਕੀ ਅਦਾਕਾਰਾਂ ’ਚ ਸੁੰਦਰ (ਫੱਤੂ), ਕਿ੍ਰਸ਼ਨਾ ਕੁਮਾਰੀ (ਲਾਜੋ), ਵਿਮਲਾ (ਜਮਾਲੋ), ਬੇਲਾ ਬੋਸ (ਮੁਜਰੇ ਵਾਲੀ), ਰਾਜਨਾਥ (ਨਾਜ਼ੀ ਦਾ ਬਾਪ ਫਜ਼ਲਦੀਨ) ਅਤੇ ਸ਼੍ਰੀ ਰਾਮ (ਲਾਜੋ ਦਾ ਮਾਮਾ ਮੂਲ ਚੰਦ) ਪ੍ਰਮੁੱਖ ਸਨ।

– ਅੰਗਰੇਜ਼ ਸਿੰਘ ਵਿਰਦੀ