ਨਵੀਂ ਦਿੱਲੀ : ਅਰਬਪਤੀ ਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਬੁੱਧਵਾਰ ਨੂੰ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਪੋਰਟ-ਟੂ-ਪਾਵਰ ਗਰੁੱਪ ਅਗਲੇ 5 ਸਾਲਾਂ ਵਿੱਚ ਗੁਜਰਾਤ ਵਿੱਚ 2 ਲੱਖ ਕਰੋੜ ਰੁਪਏ ਦੀ ਵੱਡੀ ਰਕਮ ਦਾ ਨਿਵੇਸ਼ ਕਰੇਗਾ। ਇਹ ਨਿਵੇਸ਼ 1 ਲੱਖ ਤੋਂ ਵੱਧ ਡਾਇਰੈਕਟ ਤੇ ਇਨਡਾਇਰੈਕਟ ਨੌਕਰੀਆਂ ਪੈਦਾ ਕਰੇਗਾ। ਅਡਾਨੀ ਨੇ ਕਿਹਾ ਕਿ ਅਗਲੇ ਪੰਜ ਸਾਲਾਂ ‘ਚ ਅਡਾਨੀ ਗਰੁੱਪ ਗੁਜਰਾਤ ‘ਚ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰੇਗਾ।

ਗ੍ਰੀਨ ਊਰਜਾ ਪਾਰਕ ਦਾ ਹੋਵੇਗਾ ਨਿਰਮਾਣ

ਗੌਤਮ ਅਡਾਨੀ ਨੇ ਗੁਜਰਾਤ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਵਿੱਚ ਮੁੱਖ ਤੌਰ ‘ਤੇ ਇੱਕ ਗ੍ਰੀਨ ਊਰਜਾ ਪਾਰਕ ਦਾ ਨਿਰਮਾਣ ਸ਼ਾਮਲ ਹੈ ਜੋ ਪੁਲਾੜ ਤੋਂ ਵੀ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਨਾਲ ਇੱਕ ਲੱਖ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸੰਮੇਲਨ ਵਿੱਚ 55,000 ਕਰੋੜ ਰੁਪਏ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ ਸੀ ਜਿਸ ਵਿੱਚੋਂ ਗਰੁੱਪ ਪਹਿਲਾਂ ਹੀ 50,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗਰੁੱਪ ਹੁਣ ਕੱਛ ਵਿੱਚ 25 ਵਰਗ ਕਿਲੋਮੀਟਰ ਵਿੱਚ ਫੈਲਿਆ 30 ਗੀਗਾਵਾਟ ਸਮਰੱਥਾ ਵਾਲਾ ਗ੍ਰੀਨ ਊਰਜਾ ਪਾਰਕ ਬਣਾ ਰਿਹਾ ਹੈ ਜੋ ਪੁਲਾੜ ਤੋਂ ਵੀ ਦਿਖਾਈ ਦੇਵੇਗਾ। ਅਡਾਨੀ ਨੇ ਕਿਹਾ ਕਿ ਭਾਰਤ ਨੇ 2014 ਤੋਂ ਹੁਣ ਤੱਕ ਜੀਡੀਪੀ ਵਿੱਚ 185 ਪ੍ਰਤੀਸ਼ਤ ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ 165 ਪ੍ਰਤੀਸ਼ਤ ਵਾਧਾ ਪ੍ਰਾਪਤ ਕੀਤਾ ਹੈ ਜੋ ਕਿ ਭੂ-ਰਾਜਨੀਤਿਕ ਅਤੇ ਵਿਸ਼ਵ ਮਹਾਂਮਾਰੀ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਬੇਮਿਸਾਲ ਹੈ।

ਅਡਾਨੀ ਨੇ ਪੀਐਮ ਮੋਦੀ ਦੀ ਕੀਤੀ ਤਾਰੀਫ਼

ਅਡਾਨੀ ਗਰੁੱਪ ਦੇ ਮਾਲਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਦੇਸ਼ਾਂ ਦੇ G20 ਸਮੂਹ ਵਿੱਚ ਗਲੋਬਲ ਸਾਊਥ ਨੂੰ ਸ਼ਾਮਲ ਕਰਨ ਲਈ ਵੀ ਸ਼ਲਾਘਾ ਕੀਤੀ। ਗੌਤਮ ਅਡਾਨੀ ਨੇ ਕਿਹਾ ਕਿ ਜੀ-20 ਮੰਚ ‘ਤੇ ਤੁਹਾਡੀ ਅਗਵਾਈ ਨੇ ਵਧੇਰੇ ਸਮਾਵੇਸ਼ੀ ਵਿਸ਼ਵ ਵਿਵਸਥਾ ਲਈ ਬੈਂਚਮਾਰਕ ਤੈਅ ਕੀਤਾ ਹੈ। G20 ਵਿੱਚ ਗਲੋਬਲ ਸਾਊਥ ਨੂੰ ਸ਼ਾਮਲ ਕਰਨਾ ਆਧੁਨਿਕ ਇਤਿਹਾਸ ਵਿੱਚ ਇੱਕ ਪਰਿਭਾਸ਼ਿਤ ਪਲ ਹੈ।

ਥੀਮ ਹੈ ਭਵਿੱਖ ਦਾ ਪ੍ਰਵੇਸ਼ ਦੁਆਰ

ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦਾ 10ਵਾਂ ਐਡੀਸ਼ਨ ਇਸ ਸਮੇਂ ਗੁਜਰਾਤ ਵਿੱਚ 12 ਜਨਵਰੀ ਤੱਕ ਚੱਲ ਰਿਹਾ ਹੈ। ਇਸ ਸਿਖਰ ਸੰਮੇਲਨ ਦਾ ਥੀਮ “ਭਵਿੱਖ ਦਾ ਪ੍ਰਵੇਸ਼ ਦੁਆਰ” ਹੈ। ਸੰਮੇਲਨ ਵਪਾਰਕ ਸਹਿਯੋਗ, ਗਿਆਨ ਵੰਡਣ ਤੇ ਰਣਨੀਤਕ ਭਾਈਵਾਲੀ ਲਈ ਇੱਕ ਗਲੋਬਲ ਪਲੇਟਫਾਰਮ ਹੈ ਜਿਸਦਾ ਉਦੇਸ਼ ਸਮਾਵੇਸ਼ੀ ਵਿਕਾਸ ਤੇ ਟਿਕਾਊ ਵਿਕਾਸ ਹੈ।