ਮੁੰਬਈ : ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਦਸੰਬਰ ’ਚ ਸ਼ਾਕਾਹਾਰੀ ਭੋਜਨ ਦੀ ਥਾਲੀ ਦੀ ਲਾਗਤ ’ਚ ਤਿੰਨ ਫ਼ੀਸਦੀ ਤੇ ਮਾਸਾਹਾਰੀ ਥਾਲੀ ਦੀ ਕੀਮਤ ’ਚ ਪੰਜ ਫ਼ੀਸਦੀ ਕਮੀ ਆਈ ਹੈ। ਕ੍ਰਿਸਿਲ ਮਾਰਕੀਟ ਇੰਟੈਂਲੀਜੈਂਸ ਐਂਡ ਐਨਾਲਿਟਿਕਸ (ਐੱਮਆਈਐਂਡਏ) ਰਿਸਰਚ ਦੀ ‘ਰਾਈਸ ਰੋਟੀ ਰੇਟ’ ਰਿਪੋਰਟ ਮੁਤਾਬਕ ਮਹੀਨਾਵਾਰੀ ਆਧਾਰ ’ਤੇ ਦਸੰਬਰ ’ਚ ਪਿਆਜ਼ ਦੀਆਂ ਕੀਮਤਾਂ 14 ਫ਼ੀਸਦੀ ਤੇ ਟਮਾਟਰ ਦੀਆਂ ਕੀਮਤਾਂ ਤਿੰਨ ਫ਼ੀਸਦੀ ਘਟੀਆਂ ਹਨ। ਤਿਉਹਾਰੀ ਸੀਜ਼ਨ ਦੇ ਖ਼ਤਮ ਹੋਣ ਨਾਲ ਘਰ ਦੀ ਰਸੋਈ ’ਚ ਇਸਤੇਮਾਲ ਹੋਣ ਵਾਲੀਆਂ ਇਨ੍ਹਾਂ ਸਬਜ਼ੀਆਂ ਦੀਆਂ ਕੀਮਤਾਂ ਘਟੀਆਂ ਹਨ।

ਰਿਪੋਰਟ ਕਹਿੰਦੀ ਹੈ ਕਿ ਬਰਾਇਲਰ ਦੀ ਕੀਮਤ ਮਹੀਨਾਵਾਰੀ ਆਧਾਰ ’ਤੇ ਪੰਜ-ਸੱਤ ਫ਼ੀਸਦੀ ਘਟਣ ਨਾਲ ਮਾਸਾਹਾਰੀ ਥਾਲੀ ਦੀ ਲਾਗਤ ਜ਼ਿਆਦਾ ਤੇਜ਼ੀ ਨਾਲ ਘਟੀ ਹੈ। ਮਾਸਾਹਾਰੀ ਥਾਲੀ ਦੀ ਲਾਗਤ ’ਚ ਬਰਾਇਲਰ ਦਾ ਹਿੱਸਾ 50 ਫ਼ੀਸਦੀ ਬੈਠਦਾ ਹੈ। ਘਰ ’ਚ ਥਾਲੀ ਤਿਆਰ ਕਰਨ ਦੀ ਔਸਤ ਲਾਗਤ ਦੀ ਗਣਨਾ ਉੱਤਰ, ਦੱਖਣ, ਪੂਰਬ ਤੇ ਪੱਛਮ ਭਾਰਤ ’ਚ ਥਾਲੀ ਤਿਆਰ ਕਰਨ ਦੀਆਂ ਕੀਮਤਾਂ ਦੇ ਆਧਾਰ ’ਤੇ ਕੀਤੀਆਂ ਜਾਂਦੀਆਂ ਹਨ। ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਥਾਲੀ ਦੀ ਕੀਮਤ ’ਚ ਬਦਲਾਅ ਅਨਾਜ, ਦਾਲ, ਬਰਾਇਲਰ, ਸਬਜ਼ੀਆਂ, ਮਸਾਲੇ, ਖ਼ੁਰਾਕੀ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਆਧਾਰ ’ਤੇ ਆਉਂਦਾ ਹੈ। ਰਿਪੋਰਟ ’ਚ ਅੱਗੇ ਦੱਸਿਆ ਗਿਆ ਹੈ ਕਿ ਸਾਲਾਨਾ ਆਧਾਰ ’ਤੇ ਸ਼ਾਕਾਹਾਰੀ ਥਾਲੀ ਦੀ ਕੀਮਤ ’ਚ 12 ਫ਼ੀਸਦੀ ਦਾ ਵਾਧਾ ਹੋਇਆ ਹੈ ਜਦਕਿ ਮਾਸਾਹਾਰੀ ਥਾਲੀ ਦੀ ਕੀਮਤ ’ਚ ਚਾਰ ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ’ਚ ਕਿਹਾ ਗਿਆ ਹੈ ਕਿ ਸ਼ਾਕਾਹਾਰੀ ਭੋਜਨ ਦੀ ਲਾਗਤ ਵਧਣ ਦਾ ਪ੍ਰਮੁੱਖ ਕਾਰਨ ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ’ਚ ਕ੍ਰਮਵਾਰ 82 ਤੇ 42 ਫ਼ੀਸਦੀ ਦਾ ਵਾਧਾ ਹੈ।