ਜਰਨੈਲ ਬਸੋਤਾ, ਐਡਮਿੰਟਨ : ਕੈਨੇਡਾ ਦੇ ਅਲਬਰਟਾ ਸੂਬੇ ’ਚ ਕੈਲਗਰੀ ਦੇ ਉੱਤਰ-ਪੂਰਬ ’ਚ ਸਥਿਤ ਇਕ ਗੁਰਦੁਆਰੇ ਦੇ ਬਾਹਰ ਪ੍ਰਦਰਸ਼ਨ ਦੌਰਾਨ ਦੋ ਧੜਿਆਂ ’ਚ ਝੜਪ ਹੋ ਗਈ ਜਿਸ ’ਚ ਘੱਟੋ-ਘੱਟ ਦੋ ਵਿਅਕਤੀ ਜ਼ਖ਼ਮੀ ਹੋ ਗਏ। ਕੈਲਗਰੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸ਼ਾਮ 7: 45 ਵਜੇ ਬੋਲਵਰਡ ਦੇ ਗੁਰਦੁਆਰੇ ਤੋਂ ਫੋਨ ਕਾਲ ਆਈ ਕਿ ਇੱਥੇ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਦੋ ਧੜਿਆਂ ’ਚ ਝੜਪ ਹੋ ਗਈ ਹੈ।

ਅਧਿਕਾਰੀਆਂ ਅਨੁਸਾਰ ਇਸ ਤੋਂ ਪਹਿਲਾਂ ਵੀ ਦਸਮੇਸ਼ ਕਲਚਰ ਸੈਂਟਰ ਤੋਂ ਦੁਪਹਿਰੇ 1: 15 ਵਜੇ ਫੋਨ ਕਾਲ ਆਈ ਕਿ ਇਮਾਰਤ ਦੇ ਕਬਜ਼ਾਧਾਰੀਆਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅਪੂਰਨ ਮਾਹੌਲ ਹੈ। ਦੂਜੀ ਕਾਲ ਆਉਣ ਪਿੱਛੋਂ ਪੁਲਿਸ ਮੌਕੇ ’ਤੇ ਪੁੱਜੀ। ਕੈਲਗਰੀ ਪੁਲਿਸ ਅਨੁਸਾਰ ਇਸ ਝੜਪ ’ਚ 50 ਤੋਂ 100 ਲੋਕ ਸ਼ਾਮਲ ਸਨ। ਇਸ ਦੌਰਾਨ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ ਪਰ ਇਸ ਸਬੰਧੀ ਅਜੇ ਕੋਈ ਗਿ੍ਰਫ਼ਤਾਰੀ ਨਹੀਂ ਹੋਈ। ਪੁਲਿਸ ਨੇ ਇਸ ਸਬੰਧੀ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ।

ਮੁਜ਼ਾਹਰਾਕਾਰੀਆਂ ’ਚੋਂ ਇਕ ਗੁਰਪ੍ਰਤਾਪ ਸਿੰਘ ਬੈਦਵਾਨ ਨੇ ਕਿਹਾ ਕਿ ਅਸੀਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਇਹ ਸਿੱਖੀ ਸਿਧਾਂਤਾਂ ਤੇ ਰਹਿਤ ਮਰਿਆਦਾ ਦੇ ਉਲਟ ਕੰਮ ਕਰ ਰਹੀ ਹੈ।

ਅਸੀਂ ਮੀਟਿੰਗ ਕਰਨ ਲਈ ਇਕੱਤਰ ਹੋਏ ਸਾਂ। ਗੁਰਪ੍ਰਤਾਪ ਸਿੰਘ ਅਨੁਸਾਰ ਕਮੇਟੀ ਵਿਰੁੱਧ 24 ਦਸੰਬਰ ਤੋਂ ਵਿਰੋਧ ਹੋ ਰਿਹਾ ਹੈ। ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਪ੍ਰਬੰਧਕੀ ਕਮੇਟੀ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਹ ਲਗਾਤਾਰ ਮੁਜ਼ਾਹਰਾ ਕਰ ਰਹੇ ਹਨ ਪਰ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਨਾਲ ਮਸਲਾ ਹੱਲ ਕਰਨ ਲਈ ਸੰਪਰਕ ਨਹੀਂ ਕੀਤਾ। ਮੁਜ਼ਾਹਰਾਕਾਰੀ ਪ੍ਰਬੰਧਕੀ ਕਮੇਟੀ ਸਬੰਧੀ ਇਤਰਾਜ਼ਾਂ ਨੂੰ ਲੈ ਕੇ ਭਾਰੀ ਠੰਢ ਦੌਰਾਨ ਬੀਤੇ 15 ਦਿਨਾਂ ਤੋਂ ਮੁਜ਼ਾਹਰਾ ਕਰ ਰਹੇ ਹਨ।

ਉੱਧਰ, ਗੁਰੂਘਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਮੇਟੀ ’ਚ ਸ਼ਾਮਲ ਜਿਨ੍ਹਾਂ ਵਿਅਕਤੀਆਂ ’ਤੇ ਉਂਗਲੀ ਚੁੱਕੀ ਜਾ ਰਹੀ ਹੈ, ਉਹ ਵਿਸਾਖੀ ਮੌਕੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ’ਚ ਅੰਮ੍ਰਿਤ ਛਕਣਗੇ। ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਗੁਰੂਘਰ ’ਚ ਵਾਪਰੀ ਇਸ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ ਹੈ।