ਜੇਐੱਨਐੱਨ, ਨਵੀਂ ਦਿੱਲੀ : ਗਣਤੰਤਰ ਦਿਵਸ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਲੈ ਰਾਜਧਾਨੀ ਦੇ ਵੱਡੇ ਰੇਲਵੇ ਸਟੇਸ਼ਨਾਂ ‘ਤੇ 23 ਤੋਂ 26 ਜਨਵਰੀ ਤੱਕ ਪਾਰਸਲ ਸੇਵਾ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਪਾਰਸਲ ਦੀ ਬੁਕਿੰਗ ਨਹੀਂ ਹੋਵੇਗੀ। ਬਾਹਰੋਂ ਆਉਣ ਵਾਲੇ ਪਾਰਸਲਾਂ ‘ਤੇ ਵੀ ਪਾਬੰਦੀ ਰਹੇਗੀ। ਅਖ਼ਬਾਰਾਂ ਤੇ ਰਸਾਲਿਆਂ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ। ਜ਼ਰੂਰੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਅਖ਼ਬਾਰਾਂ ਤੇ ਰਸਾਲੇ ਭੇਜੇ ਅਤੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ, ਪੁਰਾਣੀ ਦਿੱਲੀ, ਹਜ਼ਰਤ ਨਿਜ਼ਾਮੂਦੀਨ, ਆਨੰਦ ਵਿਹਾਰ ਟਰਮੀਨਲ, ਦਿੱਲੀ ਸਰਾਏ ਰੋਹਿਲਾ ਅਤੇ ਆਦਰਸ਼ ਨਗਰ ਰੇਲਵੇ ਸਟੇਸ਼ਨਾਂ ‘ਤੇ ਪਾਰਸਲ ਸੇਵਾ ਚਾਰ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਯਾਤਰੀ ਆਪਣਾ ਸਾਮਾਨ ਨਾਲ ਲੈ ਕੇ ਕਰ ਸਕਦੇ ਹਨ ਸਫ਼ਰ

ਇਸ ਦੌਰਾਨ ਨਾ ਤਾਂ ਪਾਰਸਲ ਦੀ ਬੁਕਿੰਗ ਹੋਵੇਗੀ ਅਤੇ ਨਾ ਹੀ ਕਿਸੇ ਹੋਰ ਸਟੇਸ਼ਨ ਤੋਂ ਭੇਜੇ ਗਏ ਸਾਮਾਨ ਨੂੰ ਇੱਥੇ ਉਤਾਰਿਆ ਜਾਵੇਗਾ। ਯਾਤਰੀ ਆਪਣੇ ਸਾਮਾਨ ਨਾਲ ਸਫ਼ਰ ਕਰ ਸਕਦੇ ਹਨ। ਚਾਰ ਦਿਨਾਂ ਲਈ ਪਲੈਟਫਾਰਮ ‘ਤੇ ਕੋਈ ਪਾਰਸਲ ਆਈਟਮ ਨਹੀਂ ਰੱਖੀ ਜਾਵੇਗੀ। ਗੋਦਾਮ ਅਤੇ ਪਲੇਟਫਾਰਮ ਖ਼ਾਲੀ ਰਹਿਣਗੇ।