ਜਾਗਰਣ ਬਿਊਰੋ, ਨਵੀਂ ਦਿੱਲੀ : ਜਹਾਜ਼ ਦੇ ਪਾਇਲਟਾਂ ਤੇ ਚਾਲਕ ਦਲ ਦੇ ਮੈਂਬਰਾਂ (ਕਰੂ) ਦੀ ਥਕਾਵਟ ਨੂੰ ਲੈ ਕੇ ਚਿੰਤਾਵਾਂ ਵਿਚਾਲੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸੋਮਵਾਰ ਨੂੰ ਉਡਾਣ ਦੇ ਚਾਲਕ ਦਲ ਦੇ ਮੈਂਬਰਾਂ ਦੀ ਸੇਵਾ ਨਾਲ ਸਬੰਧਤ ਨਵੇਂ ਨਿਯਮ ਜਾਰੀ ਕਰ ਦਿੱਤੇ। ਇਸਦੇ ਮੁਤਾਬਕ ਉਡਾਣਾਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹੁਣ ਹਰ ਹਫਤੇ 48 ਘੰਟਿਆਂ ਦਾ ਆਰਾਮ ਦੇਣਾ ਪਵੇਗਾ। ਉਨ੍ਹਾਂ ਨੂੰ ਹਾਲੇ ਤੱਕ 36 ਘੰਟਿਆਂ ਦਾ ਹਫਤਾਵਾਰੀ ਆਰਾਮ ਮਿਲਦਾ ਸੀ। ਨਵੇਂ ਨਿਯਮਾਂ ਦੀ ਪਾਲਣਾ ਹਵਾਬਾਜ਼ੀ ਉਦਯੋਗ ਨੂੰ ਇਕ ਜੂਨ, 2024 ਤੋਂ ਕਰਨੀ ਪਵੇਗੀ।

ਡੀਜੀਸੀਏ ਨੇ ਕਿਹਾ ਕਿ ਲਾਗਤ ਘੱਟ ਕਰਨ ਲਈ ਘੱਟ ਮੁਲਾਜ਼ਮਾਂ ਨਾਲ ਕੰਮ ਚਲਾਉਣ ਵਾਲੀ ਹਵਾਬਾਜ਼ੀ ਕੰਪਨੀਆਂ ਨੂੰ ਹੁਣ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ। ਹੁਣ ਉਨ੍ਹਾਂ ਨੂੰ ਪਾਇਲਟਾਂ ਨੂੰ ਜ਼ਿਆਦਾ ਆਰਾਮ ਤੇ ਫਲਾਈਟ ਨੂੰ ਜ਼ਿਆਦਾ ਦੇਰ ਰੋਕਣਾ ਪਵੇਗਾ ਤਾਂ ਜੋ ਉਨ੍ਹਾਂ ’ਤੇ ਕੰਮ ਦਾ ਦਬਾਅ ਨਾ ਰਹੇ ਤੇ ਜਹਾਜ਼ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਬਿਹਤਰ ਤਰੀਕੇ ਨਾਲ ਨਿਭਾਅ ਸਕਣ। ਇਹ ਵੀ ਕਿਹਾ ਗਿਆ ਕਿ ਆਲਮੀ ਪੱਧਰ ’ਤੇ ਲਾਗੂ ਨਿਯਮਾਂ ਦੇ ਅਧਾਰ ’ਤੇ ਭਾਰਤ ’ਚ ਕੰਮ ਕਰਨ ਵਾਲੀਆਂ ਕੰਪਨੀਆਂ ਲਈ ਨਵੇਂ ਨਿਯਮ ਬਣਾਏ ਗਏ ਹਨ। ਇਸ ਨਾਲ ਹਵਾਈ ਯਾਤਰਾ ਜ਼ਿਆਦਾ ਸੁਰੱਖਿਅਤ ਹੋਵੇਗੀ। ਇਸ ਦੇ ਨਾਲ ਹੀ ਪੂਰੇ ਸੈਕਟਰ ਦਾ ਵਿਕਾਸ ਹੋਵੇਗਾ। ਵੱਧ ਤੋਂ ਵੱਧ ਫਲਾਈਟ ਟਾਈਮ ਤੇ ਵੱਧ ਤੋਂ ਵੱਧ ਫਲਾਈਟ ਡਿਊਟੀ ਨੂੰ ਲੈ ਕੇ ਨਿਯਮ ਅਸਾਨ ਕੀਤੇ ਗਏ ਹਨ। ਡੀਜੀਸੀਏ ਨੇ ਇਹ ਵੀ ਕਿਹਾ ਕਿ ਹਰ ਹਵਾਈ ਕੰਪਨੀ ਨੂੰ ਹਰ ਤਿਮਾਹੀ ’ਤੇ ਆਪਣੇ ਮੁਲਾਜ਼ਮਾਂ ਦੀ ਥਕਾਵਟ ਸਬੰਧੀ ਰਿਪੋਰਟ ਭੇਜਣੀ ਪਵੇਗੀ।